ਬਿਉਰੋ ਰਿਪੋਰਟ : ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ ਕਰਵਾਉਣ ਦੇ ਲਈ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਜਿਹੜਾ 5 ਮੈਂਬਰ ਵਫ਼ਦ ਬਣਾਇਆ ਗਿਆ ਉਸ ਨੂੰ ਲੈਕੇ ਵਿਵਾਦ ਹੋ ਗਿਆ ਹੈ । ਕੇਂਦਰ ਨਾਲ ਗੱਲ ਕਰਨ ਦੇ ਲਈ ਬਣਾਏ ਗਏ ਵਫ਼ਦ ਦੇ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵਿਰਸਾ ਸਿੰਘ ਵਲਟੋਹਾ ਨੂੰ ਸ਼ਾਮਲ ਕਰਨ ‘ਤੇ ਇਤਰਾਜ਼ ਕੀਤਾ ਹੈ । ਉਨ੍ਹਾਂ ਕਿਹਾ ਵਲਟੋਹਾ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਹਨ,ਪਹਿਲਾਂ ਹੀ ਸਿਆਸਤ ਦੀ ਵਜ੍ਹਾ ਕਰਕੇ ਰਾਜੋਆਣਾ ਦਾ ਮਾਮਲਾ ਲੰਮਾ ਲੱਟਕ ਗਿਆ ਹੈ,ਇਸ ਲਈ ਸਿਆਸੀ ਆਗੂਆਂ ਨੂੰ ਕਮੇਟੀ ਵਿੱਚ ਸ਼ਾਮਲ ਕਰਨਾ ਟੀਚੇ ਦੇ ਅਨੁਕੂਲ ਨਹੀਂ ਹੋਵੇਗਾ,ਬੰਦੀ ਸਿੰਘਾਂ ਦੀ ਰਿਹਾਈ ਨੂੰ ਕਰੈਡਿਟ ਦੀ ਜੰਗ ਨਾ ਬਣਾਇਆ ਜਾਵੇ। ਪ੍ਰਧਾਨ ਕਾਲਕਾ ਨੇ ਕਿਹਾ ਮੈਂ ਜਥੇਦਾਰ ਸਾਹਿਬ ਨੂੰ ਅਪੀਲ ਕਰਾਂਗਾ ਕਿ ਉਹ ਸਿਆਸੀ ਆਗੂਆਂ ਨੂੰ ਕਮੇਟੀ ਵਿੱਚ ਸ਼ਾਮਲ ਕਰਨ ਤੋਂ ਪਰਹੇਜ਼ ਕਰਨ । ਇਸ ਤੋਂ ਬਾਅਦ ਹੁਣ ਵਿਰਸਾ ਸਿੰਘ ਵਲਟੋਹਾ ਦਾ ਵੀ ਜਵਾਬ ਆ ਗਿਆ ਹੈ ।
‘ਮੈਂ ਨੰਗੇ ਪੈਰੀ ਆਕੇ ਤੁਹਾਡਾ ਸਨਮਾਨ ਕਰਾਂਗਾ’
ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਕਿਹਾ ਮੈਂ 10 ਸਾਲ ਕੌਮੀ ਲੜਾਈ ਦੇ ਲਈ ਜੇਲ੍ਹ ਵਿੱਚ ਰਿਹਾ ਹਾਂ। ਤੁਸੀਂ ਭਾਵੇ ਸ਼੍ਰੀ ਅਕਾਲ ਤਖਤ ਵੱਲੋਂ ਬਣਾਏ ਗਏ ਵਫ਼ਦ ਦੇ ਕਿਸੇ ਮੈਂਬਰ ਨੂੰ ਨਾਲ ਨਾ ਲੈਕੇ ਜਾਓ ਆਪ ਜਾਕੇ ਫਾਂਸੀ ਦੀ ਸਜ਼ਾ ਮੁਆਫ ਕਰਵਾ ਦਿਉ ਮੈਂ ਨੰਗੇ ਪੈਰੀ ਆਕੇ ਤੁਹਾਡਾ ਸਨਮਾਨ ਕਰਾਂਗਾ । ਅਸੀਂ ਤੁਹਾਨੂੰ ਇਸ ਚੀਜ਼ਾ ਦਾ ਪੂਰਾ ਕਰੈਡਿਟ ਦੇਵਾਂਗੇ । ਵਲਟੋਹਾ ਨੇ ਕਿਹਾ ਤੁਸੀਂ ਰਾਜੋਆਣਾ ਪਰਿਵਾਰ ਨੂੰ ਪੁੱਛੋ ਮੈਂ ਉਨ੍ਹਾਂ ਦੇ ਲਈ ਕੀ ਹਾਂ ? ਕੀ ਕਦੇ ਤੁਸੀਂ ਉਨ੍ਹਾਂ ਦੇ ਪਰਿਵਾਰ ਦੀ ਦਰਦ ਸਮਝਿਆ ਹੈ । ਵਲਟੋਹਾ ਨੇ ਕਾਲਕਾ ਨੂੰ ਕਿਹਾ ਜੇਕਰ ਤੁਹਾਨੂੰ ਇਤਰਾਜ਼ ਸੀ ਤਾਂ ਤੁਹਾਨੂੰ ਸੋਸ਼ਲ ਮੀਡੀਆ ਦੀ ਥਾਂ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਸੀ,ਤੁਸੀਂ ਇਸ ਕੌਮੀ ਮਸਲੇ ਨੂੰ ਕੁਝ ਹੋਰ ਹੀ ਰੰਗਤ ਦੇ ਦਿੱਤੀ ਹੈ । ਵਫ਼ਦ ਦੇ ਮੈਂਬਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਤੁਸੀਂ ਮੈਨੂੰ ਸਿਆਸੀ ਪਾਰਟੀ ਦਾ ਆਗੂ ਕਹਿੰਦੇ ਹੋ ਪਰ ਤੁਸੀਂ ਆਾਪ ਵੀ ਸਿਆਸੀ ਪਾਰਟੀ ਦੇ ਨਾਲ ਜੁੜੇ ਹੋਏ ਹੋ । ਜਿਸ ਦੇ ਜਵਾਾਬ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਾਲਕਾ ਨੇ ਕਿਹਾ ਸਾਡੇ ਮੈਂਬਰ ਕੋਈ ਵੀ ਸਿਆਸੀ ਚੋਣ ਨਹੀਂ ਲੜ ਦੇ ਹਨ । ਜਦੋਂ ਵਿਰਸਾ ਸਿੰਘ ਵਲਟੋਹਾ ਨੇ ਜੇਲ੍ਹ ਕੱਟੀ ਉਸ ਵੇਲੇ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਨ ਅਤੇ ਉਨ੍ਹਾਂ ਦੀ ਖੁਦਮੁਖਤਾਰੀ ਹੁੰਦੀ ਸੀ ।