‘ਦ ਖ਼ਾਲਸ ਬਿਊਰੋ (ਬਨਵੈਤ/ਪੁਨੀਤ ਕੌਰ) :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਨਤੀਜਿਆਂ ਦਾ ਸ਼ੁਰੂਆਤੀ ਰੁਝਾਨ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਥੋੜ੍ਹੇ ਫਰਕ ਨਾਲ ਅੱਗੇ ਚੱਲ ਰਿਹਾ ਹੈ। ਪੰਜਾਬੀ ਬਾਗ ਹਲਕਾ ਸੀਟ ਤੋਂ ਪਰਮਜੀਤ ਸਿੰਘ ਸਰਨਾ ਨੇ ਆਪਣੇ ਵਿਰੋਧੀ ਮਨਜਿੰਦਰ ਸਿੰਘ ਸਿਰਸਾ ਤੋਂ 100 ਦੇ ਕਰੀਬ ਵੋਟਾਂ ਨਾਲ ਲੀਡ ਬਣਾਈ ਹੋਈ ਹੈ। ਹੁਣ ਤੱਕ ਦੇ ਰੁਝਾਨ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 20 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪੰਜ ਉਮੀਦਵਾਰ, ਜਾਗੋ ਦੇ 2 ਉਮੀਦਵਾਰ ਅਤੇ ਇੱਕ ਹੋਰ ਉਮੀਦਵਾਰ ਅੱਗੇ ਚੱਲ ਰਿਹਾ ਹੈ। ਮਨਜੀਤ ਸਿੰਘ ਜੀਕੇ ਆਪਣੇ ਵਿਰੋਧੀ ਤੋਂ 378 ਵੋਟਾਂ ਨਾਲ ਅੱਗੇ ਦੱਸੇ ਜਾ ਰਹੇ ਹਨ। ਕਮੇਟੀ ਦੇ ਅਹੁਦੇਦਾਰਾਂ ਲਈ 12 ਅਗਸਤ ਨੂੰ ਵੋਟਾਂ ਪਈਆਂ ਸਨ। ਵੋਟਾਂ ਦੀ ਗਿਣਤੀ ਅੱਠ ਵਜੇ ਸ਼ੁਰੂ ਹੋਈ ਸੀ ਅਤੇ ਪਹਿਲੇ ਗੇੜ ਦੀਆਂ ਵੋਟਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ। ਅੱਜ ਸ਼ਾਮ ਤੱਕ ਨਵੀਂ ਕਮੇਟੀ ਦੀ ਤਸਵੀਰ ਸਪੱਸ਼ਟ ਹੋ ਜਾਵੇਗੀ।
ਵੋਟਾਂ ਦੀ ਗਿਣਤੀ ਲਈ ਬਣਾਏ 5 ਕੇਂਦਰ
- ਆਰਿਆ ਭੱਟ ਪੋਲੀਟੈਕਨੀਕ ਜੀ.ਟੀ. ਕਰਨਾਲ ਰੋਡ,
- ਆਈ.ਟੀ.ਆਈ. ਤਿਲਕ ਨਗਰ ਜੇਲ੍ਹ ਰੋਡ,
- ਬੇਸਿਕ ਟ੍ਰੇਨਿੰਗ ਇੰਸਟੀਚਿਊਟ ਪੂਸਾ,
- ਆਈ.ਟੀ.ਆਈ. ਖਿੱਚੜੀਪੁਰ,
- ਆਈ.ਟੀ.ਆਈ. (ਵੂਮੈਨ) ਵਿਵੇਕ ਵਿਹਾਰ ਸ਼ਾਮਿਲ ਹਨ।
ਦੱਸ ਦਈਏ ਕਿ ਸਰਨਾ, ਸਿਰਸਾ ਅਤੇ ਜੀਕੇ ਧੜਿਆ ਵਿਚਕਾਰ ਮੁਕਾਬਲਾ ਸਖ਼ਤ ਚੱਲ ਰਿਹਾ ਹੈ। ਪੰਥਕ ਅਕਾਲੀ ਲਹਿਰ ਦੇ ਉਮੀਦਵਾਰ ਤਗੜੀ ਟੱਕਰ ਦੇ ਰਹੇ ਹਨ। ਕਾਲਕਾ ਹਲਕੇ ਤੋਂ ਦੂਜੇ ਗੇੜ ਦੀ ਗਿਣਤੀ ਵੇਲੇ 225 ਦੇ ਕਰੀਬ ਵੋਟਾਂ ਰੱਦ ਕੀਤੇ ਜਾਣ ‘ਤੇ ਮਨਜਿੰਦਰ ਸਿੰਘ ਸਿਰਸਾ ਨੇ ਨਰਾਜ਼ਗੀ ਜਤਾਈ ਹੈ।
- ਜਾਗੋ ਪਾਰਟੀ ਦੇ ਮੁਖੀ ਮਨਜੀਤ ਸਿੰਘ ਜੀਕੇ ਆਪਣੇ ਵਿਰੋਧੀ ਨਾਲੋਂ 661 ਵੱਧ ਵੋਟਾਂ ਲੈ ਕੇ ਜਿੱਤ ਗਏ ਹਨ। ਉਨ੍ਹਾਂ ਨੇ ਹਲਕਾ ਗ੍ਰੇਟਰ ਕੈਲਾਸ਼ ਤੋਂ ਚੋਣ ਲੜੀ ਸੀ।
- ਅਕਾਲੀ ਦਲ ਬਾਦਲ ਦੇ ਜਸਮੇਨ ਸਿੰਘ ਨੋਨੀ ਵਾਰਡ ਵਿਵੇਕ ਵਿਹਾਰ ਤੋਂ ਜਿੱਤ ਗਏ ਹਨ।
- ਹਰਵਿੰਦਰ ਸਿੰਘ ਸਰਨਾ 125 ਦੇ ਨਾਲ ਅੱਗੇ ਚੱਲ ਰਹੇ ਹਨ।
- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੁਖਵਿੰਦਰ ਸਿੰਘ ਬੱਬਰ, ਰਮਨਜੋਤ ਸਿੰਘ ਮੀਤਾ, ਪਰਵਿੰਦਰ ਸਿੰਘ ਲੱਕੀ ਵੀ ਜਿੱਤ ਗਏ ਹਨ।
- ਵਾਰਡ ਨੰਬਰ 20 ਫਤਿਹ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਮਰਜੀਤ ਸਿੰਘ ਪੱਪੂ ਨੇ ਚੋਣ ਜਿੱਤੀ।
- ਵਾਰਡ ਨੰਬਰ 46 ਪ੍ਰੀਤ ਵਿਹਾਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਭੁਪਿੰਦਰ ਸਿੰਘ ਜੇਤੂ ਕਰਾਰ।
- ਵਾਰਡ ਨੰਬਰ 39 ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਰਮੀਤ ਸਿੰਘ ਕਾਲਕਾ 786 ਵੋਟਾਂ ਦੇ ਨਾਲ ਚੋਣ ਜਿੱਤੇ।
- ਵਾਰਡ ਨੰਬਰ 34 ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਗੁਰਪ੍ਰੀਤ ਸਿੰਘ ਜੱਸਾ ਚੋਣ ਜਿੱਤ ਗਏ।
- ਮਨਜਿੰਦਰ ਸਿੰਘ ਸਿਰਸਾ ਆਪਣੀ ਸੀਟ ਪੰਜਾਬੀ ਬਾਗ ਤੋਂ 350 ਵੋਟਾਂ ਨਾਲ ਹਾਰ ਗਏ ਹਨ। ਹਰਵਿੰਦਰ ਸਿੰਘ ਸਰਨਾ ਜਿੱਤ ਗਏ ਹਨ।