India

DSGMC Elections Result : ਕੱਲ੍ਹ ਨੂੰ ਕੌਣ ਜਿੱਤੇਗਾ, ਕੀ ਕਹਿੰਦਾ ਹੈ ਸਰਵੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ 22 ਅਗਸਤ ਨੂੰ ਚੋਣਾਂ ਪਈਆਂ ਸਨ, ਜਿਸਦਾ ਨਤੀਜਾ ਕੱਲ੍ਹ ਆਉਣਾ ਹੈ। DSGMC ਦੀਆਂ ਚੋਣ ਵਿੱਚ ਕਰੀਬ 40 ਫ਼ੀਸਦੀ ਵੋਟਿੰਗ ਹੋਈ ਹੈ। DSGMC ਦੀਆਂ 46 ਸੀਟਾਂ ਲਈ ਵੋਟਿੰਗ ਹੋਈ ਸੀ, ਜਿਸ ਵਿੱਚੋਂ ਕਿਸੇ ਵੀ ਪਾਰਟੀ ਨੂੰ 24 ਸੀਟਾਂ ‘ਤੇ ਬਹੁਮੱਤ ਹਾਸਿਲ ਕਰਨੀ ਹੋਵੇਗੀ। DSGMC  ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ 14 ਸੀਟਾਂ, ਜਾਗੋ ਪਾਰਟੀ 5 ਸੀਟਾਂ ਅਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) 27 ਸੀਟਾਂ ‘ਤੇ ਲੜੀ। DSGMC ਚੋਣਾਂ ਵਿੱਚ 312 ਉਮੀਦਵਾਰਾਂ ਨੇ ਹਿੱਸਾ ਲਿਆ, ਜਿਸ ਵਿੱਚ ਰਜਿਸਟਰਡ ਪਾਰਟੀਆਂ ਦੇ ਉਮੀਦਵਾਰਾਂ ਦੀ ਗਿਣਤੀ 180 ਅਤੇ ਆਜ਼ਾਦ ਉਮੀਦਵਾਰਾਂ ਦੀ ਗਿਣਤੀ 132 ਹੈ। ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਬੋਰਡ ਦੇ ਅੰਕੜਿਆਂ ਮੁਤਾਬਕ ਵੋਟਰਾਂ ਨੇ 546 ਪੋਲਿੰਗ ਬੂਥਾਂ ‘ਤੇ ਵੋਟ ਪਾਈ ਸੀ। ਚੋਣ ਬੋਰਡ ਵੱਲੋਂ 46 ਵਾਰਡਾਂ ਲਈ 23 ਨਿਗਰਾਨ ਨਿਯੁਕਤ ਕੀਤੇ ਗਏ ਸਨ। ਰੱਖੜੀ ਦਾ ਤਿਓਹਾਰ ਹੋਣ ਕਰਕੇ ਇਸ ਵਾਰ ਸਵੇਰੇ ਵੋਟਾਂ ਪਾਉਣ ਦਾ ਅਮਲ ਕਾਫ਼ੀ ਸੁਸਤ ਰਫ਼ਤਾਰ ਨਾਲ ਸ਼ੁਰੂ ਹੋਇਆ ਸੀ ਅਤੇ 11 ਵਜੇ ਤੱਕ 8.73 ਫ਼ੀਸਦੀ ਵੋਟਾਂ ਹੀ ਪਈਆਂ ਸਨ। ਇਸ ਵਾਰ 3 ਲੱਖ 42 ਹਜ਼ਾਰ ਸਿੱਖ ਵੋਟਰ ਦਿੱਲੀ ਵਿੱਚ ਰਹਿ ਗਏ ਹਨ। 2017 ਵਿੱਚ 3 ਲੱਖ 86 ਹਜ਼ਾਰ ਵੋਟਰ ਸਨ। ਪਿਛਲੀਆਂ 2017 ਦੀਆਂ ਚੋਣਾਂ ਦੌਰਾਨ 45 ਫੀਸਦ ਵੋਟਾਂ ਪੋਲ ਹੋਈਆਂ ਸਨ।