India Punjab

ਤੇ ਹੁਣ ਆਖਿਰ DSGMC ਦੀਆਂ ਚੋਣਾਂ ਹੋਣਗੀਆਂ ਭਲਕੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਸਿੱਖ ਗੁਰੂਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਅਖਿਰ 22 ਅਗਸਤ ਯਾਨੀ ਭਲਕ ਨੂੰ ਹੋਣ ਜਾ ਰਹੀਆਂ ਹਨ ਤੇ ਨਤੀਜੇ ਦਾ ਐਲਾਨ 25 ਤਰੀਕ ਨੂੰ ਕੀਤਾ ਜਾਵੇਗਾ।ਸਰਕਾਰ ਵੱਲੋਂ ਇਸ ਤੋਂ ਪਹਿਲਾਂ ਤਿੰਨ ਵਾਰ ਚੋਣਾਂ ਮੁਲਤਵੀ ਕਰ ਦਿੱਤੀਆਂ ਸਨ। ਪਹਿਲਾਂ ਇਸਦੀ ਤਰੀਕ 25 ਅਪ੍ਰੈਲ ਨੂੰ ਮੁਕੱਰਰ ਕੀਤੀ ਗਈ ਸੀ, ਫਿਰ 18 ਜੁਲਾਈ ਨੂੰ ਵੀ ਕੋਰੋਨਾ ਦੀ ਆੜ ਹੇਠ ਚੋਣਾਂ ਮੁਲਤਵੀ ਕਰ ਦਿੱਤੀਆਂ ਸਨ।ਤੀਜੀ ਵਾਰ 8 ਅਗਸਤ ਨੂੰ ਚੋਣਾਂ ਦਾ ਐਲਾਨ ਕੀਤਾ ਗਿਆ, ਤੇ ਹੁਣ 46 ਹਲਕਿਆਂ ਲਈ ਵੋਟਾਂ ਪੈਣਗੀਆਂ।

ਇਨ੍ਹਾਂ ਚੋਣਾਂ ਵਿੱਚ ਤਿੰਨ ਪ੍ਰਮੁੱਖ ਧਿਰਾਂ ਤੋਂ ਬਿਨਾਂ ਪੰਥਕ ਲਹਿਰ ਸਮੇਤ ਕਈ ਆਜ਼ਾਦ ਉਮੀਦਵਾਰ ਵੀ ਮੈਦਾਨ ਵਿੱਚ ਹਨ। ਕਮੇਟੀ ਦਿੱਲੀ ਦੇ 10 ਪ੍ਰਮੁੱਖ ਗੁਰੂਦੁਆਰਿਆਂ ਦਾ ਪ੍ਰਬੰਧ ਦੇਖ ਰਹੀ ਹੈ। ਇਸ ਤੋਂ ਬਿਨਾਂ ਚਾਰ ਕਾਲਜ ਅਤੇ 11 ਸਕੂਲ ਵੀ ਚਲਾਏ ਜਾ ਰਹੇ ਹਨ। ਕਮੇਟੀ ਦਾ ਕਈ ਸੌ ਕਰੋੜ ਦਾ ਬਜਟ ਹੈ। ਕਮੇਟੀ ਵੱਲੋਂ ਕੋਰੋਨਾ ਅਤੇ ਕਿਸਾਨ ਅੰਦੋਲਨ ਦੌਰਾਨ ਲੰਗਰ ਲਗਾਉਣ ਤੋਂ ਇਲਾਵਾ ਹੋਰ ਵੀ ਲੋਕ ਭਲਾਈ ਦੇ ਕਾਰਜ ਕੀਤੇ ਗਏ। ਪਿਛਲੀਆਂ ਚੋਣਾਂ ਤੱਕ ਮਨਜਿੰਦਰ ਸਿੰਘ ਸਿਰਸਾ ਤੇ ਮਨਜੀਤ ਸਿੰਘ ਜੀਕੇ ਰਲਕੇ ਚੋਣਾਂ ਲੜਦੇ ਰਹੇ ਹਨ। ਪਰ ਦੋਵਾਂ ਵਿੱਚ ਵਖਰੇਵਾਂ ਪੈਣ ਤੋਂ ਬਾਅਦ ਆਪੋ ਆਪਣੇ ਰਾਹ ਚੁਣ ਲਏ ਗਏ ਹਨ। ਮਨਜੀਤ ਸਿੰਘ ਜੀਕੇ ਨੇ ਆਪਣੀ ਜਾਗੋ ਨਾਂ ਦੀ ਪਾਰਟੀ ਖੜ੍ਹੀ ਕਰ ਲਈ ਹੈ।ਮਨਜਿੰਦਰ ਸਿੰਘ ਸਿਰਸਾ ਭਾਜਪਾ ਦੀ ਟਿਕਟ ਤੋਂ ਵਿਧਾਇਕ ਵੀ ਰਹੇ ਹਨ।ਪੰਥਕ ਲਹਿਰ ਪਹਿਲੀ ਵਾਰ ਚੋਣ ਮੈਦਾਨ ਵਿੱਚ ਨਿਤਰੀ ਹੈ।

ਇੱਥੇ ਦੱਸਣਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ ਸਿਆਸੀ ਪਾਰਟੀਆਂ ਦੀ ਧਾਰਮਿਕ ਚੋਣਾਂ ਵਿੱਚ ਰੋਕ ਲਗਾਏ ਜਾਣ ਤੋਂ ਬਾਅਦ ਸ਼ਿਰੋਮਣੀ ਅਕਾਲੀ ਦਲ ਨੇ ਆਪਣੇ ਆਪ ਨੂੰ ਦੂਰ ਕਰ ਲਿਆ ਹੈ। ਹਾਲਾਂਕਿ ਸੁਖਬੀਰ ਬਾਦਲ ਇਹ ਦਾਅਵਾ ਕਰਦੇ ਰਹੇ ਹਨ ਕਿ ਸ਼ਿਰੋਮਣੀ ਅਕਾਲੀ ਦਲ ਜਰੂਰ ਚੋਣਾਂ ਲੜੇਗੀ। ਪਿਛਲੀਆਂ ਚੋਣਾਂ ਵਿੱਚ ਅਕਾਲੀ ਦਲ ਨੇ ਸਿਰਸਾ-ਜੀਕੇ ਜਿਤਾਉਣ ਲਈ ਆਪਣੀ ਪੂਰੀ ਤਾਕਤ ਝੋਕ ਦਿੱਤੀ ਸੀ ਅਤੇ ਅਕਾਲੀ ਸਰਕਾਰ ਦੇ ਸਾਰੇ ਮੰਤਰੀ ਦਿੱਲੀ ਡੇਰੇ ਲਾਈ ਬੈਠੇ ਰਹੇ।

ਇੱਥੇ ਇਨ੍ਹਾਂ ਚੋਣਾਂ ਦੇ ਬੀਤੇ ਦੌਰ ਦੇ ਦੌਰਾਨ ਵੋਟਰਾਂ ਨੂੰ ਲੁਭਾ ਕੇ ਆਪਣੇ ਪਾਲੇ ਵਿੱਚ ਲਿਆਉਣ ਦੇ ਟੀਚੇ ਨਾਲ ਚੋਣ ਪ੍ਰਚਾਰ ਕਰਦਿਆਂ ਜਿਸਤਰ੍ਹਾਂ ਗੁਰਦੁਅਰਾ ਮੈਨੇਜਮੈਂਟ ਨਾਲ ਸੰਬੰਧਤ ਮੁੱਖ ਏਜੰਡੇ ਨੂੰ ਇਕ ਪਾਸੇ ਕਰ, ਜਿਸ ਤਰ੍ਹਾਂ ਨਾਲ ਮਾੜੀ ਭਾਸ਼ਾ ਤੇ ਹੋਰ ਦੋਸ਼ ਲਾਏ ਗਏ ਹਨ, ਅਜਿਹਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ।ਇੰਨਾ ਹੀ ਨਹੀਂ ਇਸ ਵਾਰ ਚੋਣ ਲੜ ਲੀਡਰਾਂ ਨੇ ਇਕ ਦੂਜੇ ਉੱਤੇ ਸ਼ਰਾਬ ਵੰਡਣ ਦੇ ਦੋਸ਼ ਵੀ ਮੜ੍ਹੇ ਹਨ।

ਇਸ ਉੱਤੇ ਜਸਟਿਸ ਆਰ ਐਸ ਸੋਢੀ ਇਨ੍ਹਾਂ ਚੋਣਾਂ ਉੱਪਰ ਟਿੱਪਣੀ ਕਰਦਿਆਂ ਕਿਹਾ ਸੀ ਕਿ ਇਸ ਗੱਲ ਨੂੰ ਲੈ ਕੇ ਹੈਰਾਨੀ ਹੋਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਧਾਰਮਕ ਸਿੱਖ ਜਥੇਬੰਦੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਿੱਖਾਂ ਦੀ ਧਾਰਮਿਕ ਪ੍ਰਤੀਨਿਧਤਾ ਕਰਨ ਦੇ ਦਾਅਵੇਦਾਰਾਂ ਵਲੋਂ, ਆਪਣੇ ਚੋਣ ਪ੍ਰਚਾਰ ਦੌਰਾਨ ਨਾ ਤਾਂ ਧਾਰਮਕ ਜਥੇਬੰਦੀ ਦੇ ਮਾਣ-ਸਨਮਾਨ ਦਾ ਖਿਆਲ ਰਖਿਆ ਗਿਆ ਅਤੇ ਨਾ ਹੀ ਸਿੱਖ ਧਰਮ ਦੀਆਂ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦਾ ਹੀ ਪਾਲਣ ਕੀਤਾ ਗਿਆ।

ਕੀ ਹੈ DSGMC

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ DSGMC ਇੱਕ ਖੁਦਮੁਖਤਿਆਰ ਸੰਸਥਾ ਹੈ ਜੋ ਦਿੱਲੀ ਦੇ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਹੈ। ਡੀਐਸਜੀਐਮਸੀ ਦਿੱਲੀ ਵਿੱਚ ਵੱਖ ਵੱਖ ਵਿਦਿਅਕ ਸੰਸਥਾਵਾਂ, ਹਸਪਤਾਲਾਂ, ਬਿਰਧ ਆਸ਼ਰਮਾਂ, ਲਾਇਬ੍ਰੇਰੀਆਂ ਅਤੇ ਹੋਰ ਚੈਰੀਟੇਬਲ ਸੰਸਥਾਵਾਂ ਦੀ ਵੀ ਮੈਨੇਜਮੈਂਟ ਕਰਦੀ ਹੈ।ਇਸ ਦਾ ਮੁੱਖ ਦਫਤਰ ਗੁਰਦੁਆਰਾ ਰਕਾਬ ਗੰਜ ਸਾਹਿਬ ਹੈ, ਜੋ ਸੰਸਦ ਭਵਨ ਦੇ ਨੇੜੇ ਹੈ।ਕਮੇਟੀ ਦੀ ਵੈਬਸਾਇਟ ਮੁਤਾਬਿਕ 1971 ਵਿੱਚ ਭਾਰਤ ਸਰਕਾਰ ਨੇ ਇੱਕ ਆਰਡੀਨੈਂਸ ਰਾਹੀਂ ਪੰਜ ਮੈਂਬਰੀ ਗੁਰਦੁਆਰਾ ਬੋਰਡ ਨੂੰ ਪ੍ਰਬੰਧ ਸੌਂਪਿਆ ਸੀ।

ਆਰਡੀਨੈਂਸ ਦੀ ਥਾਂ ਸੰਸਦ ਦੁਆਰਾ ਪਾਸ ਕੀਤੇ ਗਏ ਦਿੱਲੀ ਸਿੱਖ ਗੁਰਦੁਆਰਾਜ਼ ਐਕਟ, 1971 ਨੇ ਲੈ ਲਈ, ਜਿਸ ਵਿੱਚ ਸਿੱਖ ਵੋਟਾਂ ਦੁਆਰਾ ਇੱਕ ਕਮੇਟੀ ਦੀ ਚੋਣ ਕਰਨ ਦਾ ਪ੍ਰਬੰਧ ਕੀਤਾ ਗਿਆ।ਚੋਣਾਂ ਸਰਕਾਰੀ ਅਥਾਰਟੀ ਦੀ ਨਿਗਰਾਨੀ ਹੇਠ ਹੋਈਆਂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਨਾਂ ਦੀ ਨਵੀਂ ਸੰਸਥਾ 1974 ਵਿੱਚ ਹੋਂਦ ਵਿੱਚ ਆਈ ਸੀ।

ਇਸ ਵੇਲੇ ਮਨਜਿੰਦਰ ਸਿੰਘ ਸਿਰਸਾ ਕਮੇਟੀ ਦੇ ਪ੍ਰਧਾਨ ਹਨ ਤੇ ਉਨ੍ਹਾਂ ਨਾਲ 4 ਹੋਰ ਮੈਂਬਰ ਵੱਖ ਵੱਖ ਅਹੁਦਿਆਂ ਉੱਤੇ ਸੇਵਾ ਨਿਭਾ ਰਹੇ ਹਨ।ਇਸ ਤੋਂ ਇਲਾਵਾ ਇਸ ਕਮੇਟੀ ਦੇ 10 ਐਗਜੀਕਿਊਟਿਵ ਮੈਂਬਰ ਤੇ 35 ਮੈਂਬਰ ਸੇਵਾ ਕਰ ਰਹੇ ਹਨ।