India

ਗੁਜਰਾਤ ਵਿੱਚ 5,000 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ, ਪੰਜ ਗ੍ਰਿਫਤਾਰ

ਗੁਜਰਾਤ : ਦਿੱਲੀ ਪੁਲਿਸ ਅਤੇ ਗੁਜਰਾਤ ਪੁਲਿਸ ਨੇ ਐਤਵਾਰ ਨੂੰ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਗੁਜਰਾਤ ਦੇ ਅੰਕਲੇਸ਼ਵਰ ਵਿੱਚ 5,000 ਕਰੋੜ ਰੁਪਏ ਦੀ 518 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ। ਐਤਵਾਰ ਰਾਤ ਗੁਜਰਾਤ ਦੇ ਅੰਕਲੇਸ਼ਵਰ ਵਿੱਚ ਅਵਕਾਰ ਡਰੱਗਜ਼ ਲਿਮਟਿਡ ਕੰਪਨੀ ਦੇ ਗੋਦਾਮ ਵਿੱਚੋਂ 518 ਕਿਲੋ ਕੋਕੀਨ ਜ਼ਬਤ ਕੀਤੀ ਗਈ। ਅੰਤਰਰਾਸ਼ਟਰੀ ਬਾਜ਼ਾਰ ‘ਚ ਇਸ ਦੀ ਕੀਮਤ ਕਰੀਬ 5000 ਕਰੋੜ ਰੁਪਏ ਹੈ। ਦਿੱਲੀ-ਗੁਜਰਾਤ ਪੁਲਿਸ ਦੇ ਸਾਂਝੇ ਆਪ੍ਰੇਸ਼ਨ ‘ਚ ਮੌਕੇ ਤੋਂ 5 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।

ਦਿੱਲੀ ਪੁਲਿਸ ਨੇ ਕਿਹਾ ਕਿ ਇਹ ਕੋਕੀਨ ਉਸੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਨਾਲ ਜੁੜੀ ਹੋਈ ਹੈ, ਜਿਸ ਦੀਆਂ ਦੋ ਵੱਡੀਆਂ ਖੇਪਾਂ 2 ਅਕਤੂਬਰ ਅਤੇ 10 ਅਕਤੂਬਰ ਨੂੰ ਦਿੱਲੀ ਤੋਂ ਛਾਪੇਮਾਰੀ ਦੌਰਾਨ ਜ਼ਬਤ ਕੀਤੀਆਂ ਗਈਆਂ ਸਨ। ਪੁਲਿਸ ਨੇ ਦੱਸਿਆ ਕਿ ਹੁਣ ਤੱਕ ਇਸ ਸਿੰਡੀਕੇਟ ਤੋਂ ਕੁੱਲ 1289 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਾ ਚੁੱਕੇ ਹਨ। ਅੰਤਰਰਾਸ਼ਟਰੀ ਬਾਜ਼ਾਰ ‘ਚ ਇਸ ਦੀ ਕੀਮਤ 13 ਹਜ਼ਾਰ ਕਰੋੜ ਰੁਪਏ ਹੈ।

ਇਸ ਸਿੰਡੀਕੇਟ ਨਾਲ ਜੁੜੇ ਕੁੱਲ 12 ਲੋਕਾਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 7 ਨੂੰ ਦਿੱਲੀ ਵਿੱਚ ਪਿਛਲੇ 2 ਛਾਪਿਆਂ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਸੀ। ਦੁਬਈ ਤੋਂ ਚੱਲ ਰਹੇ ਇਸ ਸਿੰਡੀਕੇਟ ਦੇ ਮਾਸਟਰਮਾਈਂਡ ਦੀ ਪਛਾਣ ਵਰਿੰਦਰ ਬਸੋਆ ਵਜੋਂ ਹੋਈ ਹੈ। ਦੁਬਈ ਵਿੱਚ ਉਸਦੇ ਕਈ ਕਾਰੋਬਾਰ ਹਨ। ਪੁਲਸ ਨੇ ਬਸੋਆ ਖਿਲਾਫ ਲੁੱਕਆਊਟ ਸਰਕੂਲਰ ਜਾਰੀ ਕੀਤਾ ਹੈ। ਪੀਟੀਆਈ ਦੇ ਸੂਤਰਾਂ ਅਨੁਸਾਰ ਪੂਰੇ ਦੇਸ਼ ਵਿੱਚ ਕਦੇ ਵੀ ਇੰਨੀ ਵੱਡੀ ਮਾਤਰਾ ਵਿੱਚ ਕੋਕੀਨ ਫੜੀ ਨਹੀਂ ਗਈ ਹੈ। ਪਿਛਲੇ 12 ਦਿਨਾਂ ਵਿੱਚ ਇਹ 3 ਛਾਪੇ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ।

ਦਿੱਲੀ ਪੁਲਿਸ 2 ਮਹੀਨਿਆਂ ਤੋਂ ਯੋਜਨਾ ਬਣਾ ਰਹੀ ਹੈ

ਦਿੱਲੀ-ਗੁਜਰਾਤ ‘ਚ ਕੋਕੀਨ ਬਰਾਮਦਗੀ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਮਾਮਲਾ ਮੰਨਿਆ ਜਾ ਰਿਹਾ ਹੈ। ਪੁਲਿਸ ਇਸ ਸਿੰਡੀਕੇਟ ਦਾ ਪਰਦਾਫਾਸ਼ ਕਰਨ ਲਈ ਪਿਛਲੇ ਦੋ ਮਹੀਨਿਆਂ ਤੋਂ ਕੰਮ ਕਰ ਰਹੀ ਸੀ। ਫਿਰ ਪੁਲਿਸ ਨੂੰ ਡਰੱਗ ਸਪਲਾਈ ਬਾਰੇ ਜਾਣਕਾਰੀ ਮਿਲੀ। ਇਹ ਤਸਕਰ ਇਸ ਨਸ਼ੀਲੇ ਪਦਾਰਥ ਦੀ ਦਿੱਲੀ ਅਤੇ ਐਨਸੀਆਰ ਵਿੱਚ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।