India

ਜੰਮੂ ‘ਚ 5 ਸਾਲ ਪਹਿਲਾਂ ਵਾਲੀ ਘਟਨਾ ਮੁੜ ਵਾਪਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜੰਮੂ ਵਿੱਚ ਸਥਿਤ ਭਾਰਤੀ ਹਵਾਈ ਫੌਜ ਦੇ ਅੱਡੇ ’ਤੇ ਬੀਤੀ ਦੇਰ ਰਾਤ ਡਰੋਨ ਨਾਲ ਪੰਜ ਮਿੰਟਾਂ ਵਿੱਚ ਦੋ ਧਮਾਕੇ ਹੋਏ। ਇਸ ਹਾਦਸੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਸਥਾਨਕ ਅਧਿਕਾਰੀਆਂ ਮੁਤਾਬਕ ਇਹ ਧਮਾਕੇ ਤੜਕੇ ਕਰੀਬ 2.15 ਵਜੇ ਹੋਏ। ਪਹਿਲੇ ਧਮਾਕੇ ਕਾਰਨ ਹਵਾਈ ਅੱਡੇ ਦੇ ਤਕਨੀਕੀ ਖੇਤਰ ਵਿੱਚ ਇਮਾਰਤ ਦੀ ਛੱਤ ਢਹਿ ਗਈ।

ਦੂਜਾ ਧਮਾਕਾ ਜ਼ਮੀਨ ‘ਤੇ ਹੋਇਆ। ਘਟਨਾ ਤੋਂ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਧਮਾਕਿਆਂ ਵਿੱਚ ਹਵਾਈ ਸੈਨਾ ਦੇ ਦੋ ਜਵਾਨ ਜ਼ਖਮੀ ਹੋਏ ਹਨ। ਧਮਾਕਿਆਂ ਵਿੱਚ 6 ਮਿੰਟ ਦਾ ਅੰਤਰ ਸੀ। ਜੰਮੂ ਕਸ਼ਮੀਰ ਪੁਲਿਸ ਦੇ ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇੱਕ ਹੋਰ ਹਮਲੇ ਨੂੰ ਨਾਕਾਮ ਕਰ ਦਿੱਤਾ ਸੀ।

ਡੀਜੀਪੀ ਨੇ ਅੱਤਵਾਦੀ ਹਮਲਾ ਦਿੱਤਾ ਕਰਾਰ

ਜੰਮੂ ਕਸ਼ਮੀਰ ਪੁਲੀਸ ਦੇ ਡੀਜੀਪੀ ਦਿਲਬਾਗ ਸਿੰਘ ਨੇ ਜੰਮੂ ਹਵਾਈ ਅੱਡੇ ’ਤੇ ਭਾਰਤੀ ਹਵਾਈ ਫੌਜ ਦੇ ਅਧਿਕਾਰ ਹੇਠਲੇ ਹਿੱਸੇ ਵਿੱਚ ਹੋਏ ਦੋ ਧਮਾਕਿਆਂ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ, ਹਵਾਈ ਫੌਜ ਤੇ ਹੋਰ ਏਜੰਸੀਆਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ।

ਹਾਈ ਅਲਰਟ ਜਾਰੀ

ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਦਫਤਰ ਨੇ ਕਿਹਾ ਕਿ ਉਨ੍ਹਾਂ ਨੇ ਹਵਾਈ ਫੌਜ ਦੇ ਡਿਪਟੀ ਚੀਫ਼ ਏਅਰ ਮਾਰਸ਼ਲ ਐੱਚਐੱਸ ਅਰੋੜਾ ਨਾਲ ਧਮਾਕਿਆਂ ਬਾਰੇ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀ ਹਵਾਈ ਅੱਡੇ ’ਤੇ ਧਮਾਕੇ ਕਰਨ ਲਈ ਡਰੋਨ ਦੀ ਸੰਭਾਵਿਤ ਵਰਤੋਂ ਦੀ ਵੀ ਜਾਂਚ ਕਰ ਰਹੇ ਹਨ। ਇਸ ਹਵਾਈ ਅੱਡੇ ਵਿੱਚ ਹਵਾਈ ਫੌਜ ਦਾ ਸਾਜ਼ੋ ਸਾਮਾਨ ਵੀ ਹੈ। ਇਸ ਹਮਲੇ ਤੋਂ ਤੁਰੰਤ ਮਗਰੋਂ ਹਵਾਈ ਅੱਡੇ ਤੋਂ ਪੰਜ ਕਿਲੋਮੀਟਰ ਦੂਰ ਪੰਜ ਕਿਲੋ ਆਈਈਡੀ ਨਾਲ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹਾਈ ਅਲਰਟ ਐਲਾਨ ਦਿੱਤਾ ਹੈ।

 ਹਵਾਈ ਸੈਨਾ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਭਾਰਤੀ ਹਵਾਈ ਸੈਨਾ ਨੇ ਇਸ ਘਟਨਾ ‘ਤੇ ਟਵੀਟ ਕੀਤਾ ਹੈ, ਜਿਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ, “ਐਤਵਾਰ ਦੀ ਸਵੇਰੇ ਜੰਮੂ ਏਅਰ ਫੋਰਸ ਸਟੇਸ਼ਨ ਦੇ ਟੈਕਨੀਕਲ ਇਲਾਕੇ ਵਿੱਚ ਘੱਟ ਤੀਬਰਤਾ ਦੇ ਦੋ ਧਮਾਕੇ ਹੋਏ। ਜੰਮੂ-ਕਸ਼ਮੀਰ ਅੱਡਾ ਇੱਕ ਘਰੇਲੂ ਹਵਾਈ ਅੱਡਾ ਹੈ, ਜੋ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੌਮਾਂਤਰੀ ਸੀਮਾ ਤੋਂ 14 ਕਿਲੋਮੀਟਰ ਦੂਰੀ ‘ਤੇ ਹੈ।

ਹਵਾਈ ਸੈਨਾ ਨੇ ਦੂਜੇ ਟਵੀਟ ਵਿੱਚ ਦੱਸਿਆ ਹੈ ਕਿ ਇਸ ਘਟਨਾ ਵਿੱਚ ਕਿਸੇ ਸਾਮਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਨਾਗਰਿਕ ਏਜੰਸੀਆਂ ਦੇ ਨਾਲ ਜਾਂਚ ਜਾਰੀ ਹੈ।

ਪਠਾਨਕੋਟ ਚ ਅਲਰਟ ਜਾਰੀ

ਜੰਮੂ ਦੇ ਹਵਾਈ ਅੱਡੇ ਵਿੱਚ ਉੱਚ ਸੁਰੱਖਿਆ ਵਾਲੇ ਭਾਰਤੀ ਹਵਾਈ ਫੌਜ ਦੇ ਟਿਕਾਣੇ ’ਤੇ ਧਮਾਕਿਆਂ ਬਾਅਦ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪਠਾਨਕੋਟ ਵਿੱਚ ਮੁੱਖ ਅਦਾਰਿਆਂ ਨੇੜੇ ਸਖਤ ਚੌਕਸੀ ਬਣਾਈ ਰੱਖੀ ਜਾ ਰਹੀ ਹੈ। ਪੰਜ ਸਾਲ ਪਹਿਲਾਂ ਪਠਾਨਕੋਟ ਏਅਰਫੋਰਸ ਬੇਸ ’ਤੇ ਅੱਤਵਾਦੀ ਹਮਲਾ ਹੋਇਆ ਸੀ। ਪੁਲੀਸ ਨੇ ਦੱਸਿਆ ਕਿ ਪਠਾਨਕੋਟ ਅਤੇ ਇਸ ਦੇ ਆਸ-ਪਾਸ ਸੰਵੇਦਨਸ਼ੀਲ ਇਲਾਕਿਆਂ ਦੇ ਨੇੜੇ ਪੈਟਰੋਲਿੰਗ ਤੇਜ਼ ਕਰ ਦਿੱਤੀ ਗਈ ਹੈ ਅਤੇ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ।

ਜੰਮੂ ਏਅਰ ਫੋਰਸ ਸਟੇਸ਼ਨ ਜੰਮੂ ਆਈਏਐੱਫ ਦਾ ਇੱਕ ਸਭ ਤੋਂ ਪੁਰਾਣਾ ਏਅਰ ਬੇਸ ਹੈ ਅਤੇ ਨੰਬਰ ਇੱਕ ਦਾ ਗਠਨ ਇੱਥੇ 10 ਮਰਚ, 1948 ਨੂੰ ਹੋਇਆ ਸੀ। ਫੌਰੈਂਸਿਕ ਟੀਮ ਨੇ ਘਟਨਾ ਵਾਲੀ ਥਾਂ ਦੀ ਜਾਂਚ ਕਰ ਕੇ ਉੱਥੋਂ ਕੁੱਝ ਨਮੂਨੇ ਇਕੱਠਾ ਕੀਤੇ ਹਨ।