‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਾਣੀ ਮਨੁੱਖ ਦੀਆਂ ਬੁਨਿਆਦੀ ਲੋੜਾਂ ਵਿੱਚ ਇੱਕ ਪ੍ਰਮੁੱਖ ਜ਼ਰੂਰਤ ਹੈ। ਪਰ ਜੇਕਰ ਪਾਣੀ ਵੀ ਉਸਨੂੰ ਪ੍ਰਦੂਸ਼ਿਤ ਮਿਲੇ ਤਾਂ ਉਸਦੀ ਸਿਹਤਮੰਦ ਜ਼ਿੰਦਗੀ ਦੀ ਆਸ ਨਹੀਂ ਕੀਤੀ ਜਾ ਸਕਦੀ। ਅੰਮ੍ਰਿਤਸਰ ਦੀ ਰਾਮ ਨਗਰ ਕਾਲੋਨੀ, ਇਸਲਾਮਾਬਾਦ ਵਾਰਡ ਨੰਬਰ 55 ਦੇ ਪਿੰਡਵਾਸੀਆਂ ਲਈ ਹੁਣ ਪਾਣੀ ਪੀਣਾ ਵੀ ਦੁਰਭਰ ਹੋਇਆ ਪਿਆ ਹੈ। ਪਿੰਡਵਾਸੀਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਘਰਾਂ ਵਿੱਚ ਬਹੁਤ ਹੀ ਖਰਾਬ ਪਾਣੀ ਆ ਰਿਹਾ ਹੈ, ਜੋ ਕਿ ਪੀਣਯੋਗ ਬਿਲਕੁਲ ਵੀ ਨਹੀਂ ਹੈ। ਦਰਅਸਲ, ਲੋਕਾਂ ਵੱਲੋਂ ਆਪਣੇ ਘਰਾਂ ਵਿੱਚ ਛੋਟੇ ਟਿਊਬ ਪੰਪ ਲਗਾਏ ਗਏ ਹਨ, ਜਿਸ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਸਰਕਾਰੀ ਪਾਣੀ ਪਹੁੰਚਦਾ ਹੈ ਪਰ ਹੁਣ ਇਹ ਸਰਕਾਰੀ ਪਾਣੀ ਵੀ ਇੰਨਾ ਗੰਦਲਾ ਆਉਣ ਲੱਗ ਪਿਆ ਹੈ ਕਿ ਇਸਨੂੰ ਪੀਣਾ ਬਹੁਤ ਮੁਸ਼ਕਿਲ ਹੈ। ਪਿੰਡਵਾਸੀਆਂ ਨੇ ਦੋਸ਼ ਲਾਇਆ ਕਿ ਇਸ ਪਾਣੀ ਵਿੱਚ ਗਾਰ, ਧੂੜ ਦੇ ਕਣ ਮੌਜੂਦ ਹੁੰਦੇ ਹਨ। ਇਹ ਪਾਣੀ ਪੀਣ ਦੇ ਨਾਲ ਉਹ ਅਤੇ ਉਨ੍ਹਾਂ ਦੇ ਬੱਚੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਮਜ਼ਬੂਰੀ ਵੱਸ ਉਨ੍ਹਾਂ ਨੂੰ ਪਾਣੀ ਉਬਾਲ ਕੇ ਪੀਣਾ ਪੈਂਦਾ ਹੈ। ਪਾਣੀ ਇੰਦਾ ਗੰਦਾ ਆਉਂਦਾ ਹੈ ਕਿ ਲੋਕਾਂ ਦੇ ਘਰਾਂ ਵਿੱਚ ਲੱਗੀਆਂ ਆਰ.ਓ. ਮਸ਼ੀਨਾਂ ਵੀ ਖਰਾਬ ਹੋ ਗਈਆਂ ਹਨ।
ਪਿੰਡਵਾਸੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਇਸ ਬਾਬਤ ਕੌਂਸਲਰ ਦੇ ਕੋਲ ਕਈ ਵਾਰ ਸ਼ਿਕਾਇਤ ਵੀ ਕੀਤੀ ਹੈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਪਿੰਡਵਾਸੀਆਂ ਨੇ ਟਿਊਬਵੈੱਲ ਨਵਾਂ ਲਗਵਾਉਣ ਜਾਂ ਫਿਰ ਪਾਣੀ ਦੀ ਸਵੱਛਤਾ ਦੀ ਮੰਗ ਕੀਤੀ ਹੈ। ਪਿੰਡਵਾਸੀਆਂ ਨੇ ਜਦੋਂ ਪਾਣੀ ਦਾ ਸੈਂਪਲ ਲਿਆ ਤਾਂ ਪਾਣੀ ਦਾ ਰੰਗ ਬਿਲਕੁਲ ਕਾਲਾ ਸੀ, ਜਿਵੇਂ ਸੀਵਰੇਜ ਦਾ ਪਾਣੀ ਹੋਵੇ। ਪਿੰਡਵਾਸੀਆਂ ਨੇ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਤਾਂ ਉਹ ਸਿਆਸੀ ਲੀਡਰਾਂ ਦਾ ਬਾਈਕਾਟ ਕਰ ਦੇਣਗੇ। ਜਾਣਕਾਰੀ ਮੁਤਾਬਕ ਇਸ ਪਿੰਡ ਵਿੱਚ 1500-1600 ਦੇ ਕਰੀਬ ਲੋਕ ਰਹਿੰਦੇ ਹਨ।