India Khaas Lekh Punjab

ਜੂਨ ’84-ਉਹ ਸਹਿਮਿਆ ਹੋਇਆ ਦਿਨ!

”1 ਜੂਨ 1984 ਦੇ ਸਾਕਾ ਨੀਲਾ ਤਾਰਾ ਦਾ ਦੁਖਾਂਤ ਪੂਰੇ ਪੰਜਾਬ ਦੇ ਪਿੰਡੇ ‘ਤੇ ਛਪਿਆ ਹੋਇਆ ਹੈ। ਉਨ੍ਹਾਂ ਕਾਲੇ ਦਿਨਾਂ ਵਿੱਚ ਜਿਹੜਾ ਜਿੱਥੇ ਸੀ, ਉਹ ਉੱਥੇ ਹੀ ਵਲੂੰਧਰਿਆ ਗਿਆ। ਦਰਬਾਰ ਸਾਹਿਬ ਸਾਡੀਆਂ ਰਗਾਂ ਵਿੱਚ ਦੌੜਦੇ ਖੂਨ ਵਾਂਗ ਹੈ ਤੇ ਇਸ ਖੂਨ ਤੱਕ ਪਹੁੰਚੀਆਂ ਗੋਲੀਆਂ ਦੇ ਕੜਾਕਿਆਂ ਦੀ ਆਵਾਜ਼ਾਂ ਜੂਨ ਦੇ ਇਨ੍ਹਾਂ ਦਿਨਾਂ ਵਿੱਚ ਉਸੇ ਜ਼ੌਰ ਨਾਲ ਸਾਡੇ ਸਿਰਾਂ ਵਿੱਚ ਵੱਜਦੀਆਂ ਨੇ ਜਿਸ ਕੜਾਕ ਨਾਲ ਉਦੋਂ ਵੱਜੀਆਂ ਸੀ। ਦਰਬਾਰ ਸਾਹਿਬ ਦੀਆਂ ਕੰਧਾਂ ‘ਤੇ ਨਿਸ਼ਾਨ ਅੱਜ ਵੀ ਨੇ। ਕਹਿੰਦੇ ਨੇ ਕੁਹਾੜੀਆਂ ਨੂੰ ਭੁੱਲ ਜਾਂਦਾ ਹੈ, ਪਰ ਰੁੱਖ ਯਾਦ ਰੱਖਦੇ ਨੇ। ਬਹੁਤਿਆਂ ਨੇ ਇਹ ਦੁਖਾਂਤ ਸਿਰਫ ਸੁਣਿਆ ਹੈ, ਬਹੁਤਿਆਂ ਨੇ ਇਹ ਦੁਖਾਂਤ ਸਿਰਫ ਪੜ੍ਹਿਆ ਹੈ ਤੇ ਬਹੁਤੇ ਹੋਰ ਵੀ ਨੇ ਜਿਨ੍ਹਾਂ ਨੂੰ ਅੱਜ ਵੀ ਇਸਦਾ ਝੌਲਾ ਪੈ ਜਾਂਦਾ ਹੈ।
ਭਾਸ਼ਾ ਵਿਭਾਗ ਪੰਜਾਬ ਵੱਲੋਂ ਪਿਛਲੇ ਦਿਨੀਂ ਸ਼੍ਰੋਮਣੀ ਨਾਟਕਕਾਰ ਦੇ ਐਵਾਰਡ ਨਾਲ ਸਨਮਾਨਿਤ ਡਾ. ਸਾਹਿਬ ਸਿੰਘ ਰੰਗ ਮੰਚ ਦੀ ਬਹੁਤ ਹੀ ਮਾਇਨਾਜ਼ ਹਸਤੀ ਹਨ। 1984 ਦੇ ਕਾਲੇ ਦਿਨਾਂ ਦੀ ਯਾਦ ਅੱਜ ਵੀ ਉਨ੍ਹਾਂ ਦੀ ਦੇਹ ਅੰਦਰ ਸੁੰਨ ਚਾੜ੍ਹ ਦਿੰਦੀ ਹੈ। ਉਨ੍ਹਾਂ ਦਿਨਾਂ ਵਿੱਚੋਂ ਇਕ ਦਿਨ ਦੀ ਯਾਦ ਅਸੀਂ ਡਾ. ਸਾਹਿਬ ਸਿੰਘ ਦੀ ਹੂਬਹੂ ਲਿਖਤ ‘ਚੋਂ ਆਪਣੇ ਪਾਠਕਾਂ ਨਾਲ ਸਾਂਝੀ ਕਰਨ ਦਾ ਯਤਨ ਕਰ ਰਹੇ ਹਾਂ….

-ਡਾ. ਸਾਹਿਬ ਸਿੰਘ
ਅੱਜ ਦੇ ਦਿਨ ਫੌਜ ਵੱਲੋਂ ਦਰਬਾਰ ਸਾਹਿਬ ਨੂੰ ਘੇਰਾ ਪੈ ਗਿਆ ਸੀ, ਮੈਂ ਉਦੋਂ ਬਾਰ੍ਹਵੀਂ ਦਾ ਵਿਦਿਆਰਥੀ ਸੀ, ਦਰਬਾਰ ਸਾਹਿਬ ਕਦੀ ਨਹੀਂ ਸੀ ਗਿਆ। ਪਿੰਡ ਦੇ ਗੁਰਦੁਆਰੇ ਤੋਂ ਇਲਾਵਾ ਸਿਰਫ਼ ਮਾਹਿਲਪੁਰ ਲਾਗੇ ਹਰੀਆਂ ਬੇਲਾਂ ਗੁਰਦੁਆਰੇ ਹੀ ਗਿਆ ਸੀ।
ਪਰ ਸਾਡੇ ਘਰ ਕਿੱਲੀ ‘ਤੇ ਟੰਗੇ ਰੇਡੀਓ ‘ਚੋਂ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਵਲੋਂ ਕੀਤਾ ਜਾਂਦਾ ਕੀਰਤਨ ਅਕਸਰ ਸਾਰੇ ਸੁਣਦੇ ਸਾਂ..ਜਦ ਰੇਡੀਓ ਤੋਂ ਖ਼ਬਰ ਸੁਣੀ ਕਿ ਫੌਜ ਨੇ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ ਹੈ ਤਾਂ ਸਭ ਸਹਿਮ ਗਏ। ਸਵੇਰੇ ਸ਼ਾਮ ਗੁਰਦੁਆਰੇ ਜਾਣ ਵਾਲੀ ਬੀਬੀ ਦੇ ਹੱਥ ਕਿੰਨੀ ਦੇਰ ਜੁੜੇ ਰਹੇ ਤੇ ਅੱਖਾਂ ਬੰਦ!
ਥੋੜ੍ਹੀ ਦੇਰ ਰੇਡੀਓ ਚੱਲਿਆ ਨਾ…ਸੈੱਲ ਮੁਕ ਗਏ ਸੀ…ਮੈਂ ਚੈਨ ਤ੍ਰਖਾਣ ਦੇ ਕਰਖਾਨੇ ਜਾ ਬੈਠਾ…ਉਥੇ ਰੇਡੀਓ ਵੀ ਸੀ ਤੇ 10-15 ਬੰਦੇ ਅਕਸਰ ਬੈਠੇ ਰਹਿੰਦੇ ਸਨ…ਉਹ ਸਾਰੇ ਵੀ ਰੇਡੀਓ ਹੀ ਸਨ…ਉਦੋਂ ਮੈਂ ਚੁਪਚਾਪ ਬੈਠਾ ਸੁਣਦਾ ਹੀ ਸੀ….


ਉਹਨਾਂ ਵਿਚੋਂ ਕੁੱਝ ਇੰਦਰਾ ਨੂੰ ਨੰਗੀਆਂ ਗਾਲ਼ਾਂ ਕੱਢ ਰਹੇ ਸਨ…’ਹੁਣ ਇਹ ਗਈ ਲੈ’ ਦਾ ਐਲਾਨ ਵੀ ਕਰ ਰਹੇ ਸਨ! ਕੁਝ ਕੁ ਸਨ ਜੋ ਇਹ ਸਵਾਲ ਉਠਾ ਰਹੇ ਸਨ ਕਿ ਇੰਨੇ ਹਥਿਆਰ ਦਰਬਾਰ ਸਾਹਿਬ ਵਿੱਚ ਪਹੁੰਚ ਕਿਵੇਂ ਗਏ…ਕੋਈ ਇੱਕ ਧਿਰ ਦਾ ਕਸੂਰ ਕੱਢਦਾ, ਕੋਈ ਦੂਜੀ ਦਾ, ਪ੍ਰੇਸ਼ਾਨ ਸਾਰੇ ਹੀ ਸਨ!
ਘਰ ਵਿੱਚ ਵੀ ਦੋ ਧਿਰਾਂ ਸਨ…ਇਕ ਸਿਰਫ਼ ਸਰਕਾਰ ਦਾ ਕਸੂਰ ਕੱਢਣ ਵਾਲੀ, ਦੂਜੀ ਇਹ ਕਹਿਣ ਵਾਲੀ ਕਿ ਦਰਬਾਰ ਸਾਹਿਬ ਵਰਗੀ ਪਵਿੱਤਰ ਥਾਂ ‘ਤੇ ਹਥਿਆਰ ਨਹੀਂ ਹੋਣੇ ਚਾਹੀਦੇ ਸਨ! ਬੀਬੀ ਸਭਤੋਂ ਵੱਧ ਪ੍ਰੇਸ਼ਾਨ ਸੀ…
“ਸੰਤਾਲੀ ‘ਚ ਵੀ ਇਹੀ ਗੱਲਾਂ ਹੁੰਦੀਆਂ ਸੀ…ਕੁਝ ਲੋਕ ਗੋਰਿਆਂ ਨੂੰ ਗਾਲ੍ਹਾਂ ਕੱਢਦੇ ਸਨ ਕਿ ਗੋਰੇ ਸਾਨੂੰ ਵੰਡ ਗਏ, ਲੜਾ ਗਏ! ਤੇ ਕੁਝ ਲੋਕ ਬੁੜਬੁੜ ਕਰਦੇ ਸਨ ਕਿ ਅਸੀਂ ਆਪ ਵੀ ਤਾਂ ਘੱਟ ਨਹੀਂ! ਆਪਸ ‘ਚ ਪਾਟੇ, ਤਾਂਹੀਂ ਤਾਂ ਅਗਲੇ ਵੰਡ ਗਏ!


ਪਰ ਭਾਈਆ ਕਹਿੰਦਾ ਹੁੰਦਾ ਸੀ, ਜਿਸ ਦਾ ਮਰਜ਼ੀ ਕਸੂਰ ਹੋਵੇ, ਉੱਜੜ ਤਾਂ ਗਏ ਹੀ ਆਂ ਨਾ!”
ਬੀਬੀ ਨਾਲੇ ਚੁੱਲ੍ਹੇ ‘ਚ ਫੂਕਾਂ ਮਾਰੀ ਜਾਂਦੀ ਤੇ ਨਾਲੇ ਬੋਲੀ ਜਾਂਦੀ…
“ਹੁਣ ਵੀ ਕੋਈ ਜੋ ਮਰਜ਼ੀ ਬੋਲੀ ਜਾਵੇ…ਕਸੂਰ ਜੀਹਦਾ ਮਰਜ਼ੀ ਕੱਢੀ ਜਾਵੇ…ਦਰਬਾਰ ਸਾਹਿਬ ਤਾਂ ਘਿਰ ਗਿਆ ਨਾ…”
ਤੇ ਬੀਬੀ ਭੁੱਬ ਮਾਰ ਕੇ ਰੋ ਪਈ ਸੀ…ਉਸ ਡੰਗ ਕਿਸੇ ਨੇ ਬੀਬੀ ਤੋਂ ਰੋਟੀ ਨੀ ਸੀ ਮੰਗੀ…ਨਾ ਉਹਨੇ ਬਣਾਈ!. (ਲਿਖੀ ਜਾ ਰਹੀ ਕਿਤਾਬ ਦਾ ਇਕ ਅੰਸ਼!)