ਨਵਜੋਤ ਕੌਰ ਨੇ ਕਿਹਾ, “ਮੈਂ ਸੱਚ ਬੋਲਿਆ ਸੀ, ਇਸੇ ਲਈ ਮੈਨੂੰ ਸਜ਼ਾ ਦਿੱਤੀ ਗਈ ਪਰ ਮੇਰੇ ਕੋਲ ਸਾਰੇ ਸਬੂਤ ਹਨ।” ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਸਿੱਧੇ “ਭ੍ਰਿਸ਼ਟ ਪ੍ਰਧਾਨ” ਕਹਿੰਦਿਆਂ ਉਨ੍ਹਾਂ ਨੇ ਪੁੱਛਿਆ, “ਬੱਸ ਬਾਡੀ ਘਪਲੇ ਅਤੇ ਢਾਈ ਹਜ਼ਾਰ ਏਕੜ ਜ਼ਮੀਨ ਹੜੱਪਣ ਦੇ ਕੇਸ ’ਚ ਭਗਵੰਤ ਮਾਨ ਰਾਜਾ ਵੜਿੰਗ ਦੀ ਰਾਖੀ ਕਿਉਂ ਕਰ ਰਹੇ ਨੇ?”
ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਭੇਜੇ ਗਏ ਮਾਣਹਾਨੀ ਨੋਟਿਸ ’ਤੇ ਪਲਟਵਾਰ ਕਰਦਿਆਂ ਨਵਜੋਤ ਕੌਰ ਨੇ ਕਿਹਾ, “ਰੰਧਾਵਾ ਦੇ ਗੈਂਗਸਟਰਾਂ ਨਾਲ ਸਬੰਧ ਹਨ। ਜਿਨ੍ਹਾਂ ਦੇ ਪੈਰੀਂ ਹੱਥ ਲਾਉਂਦਾ ਸੀ, ਉਨ੍ਹਾਂ ਦੀ ਹੀ ਪਿੱਠ ’ਚ ਛੁਰਾ ਮਾਰ ਦਿੱਤਾ। ਲੀਗਲ ਨੋਟਿਸ ਭੇਜ ਕੇ ਦੇਖੋ, ਮੈਂ ਸਬੂਤਾਂ ਨਾਲ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਦਿਆਂਗੀ।”2027 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਸਭ ਤੋਂ ਵੱਡਾ ਐਲਾਨ ਕਰਦਿਆਂ ਉਨ੍ਹਾਂ ਨੇ ਕਿਹਾ, “ਹਰ ਹਾਲਤ ਵਿੱਚ 2027 ਵਿੱਚ ਪੰਜਾਬ ਵਿੱਚ ਸਰਕਾਰ ਮੈਂ ਹੀ ਬਣਾਵਾਂਗੀ।” ਜਦੋਂ ਪੁੱਛਿਆ ਗਿਆ ਕਿ ਕੀ ਕਾਂਗਰਸ ਵਿੱਚ ਰਹਿ ਕੇ ਬਣਾਓਗੇ, ਤਾਂ ਉਨ੍ਹਾਂ ਮੁਸਕਰਾਉਂਦਿਆਂ ਕਿਹਾ, “ਇਸ ਬਾਰੇ ਅਜੇ ਕੋਈ ਟਿੱਪਣੀ ਨਹੀਂ ਕਰਨੀ।”
ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੀ 70 ਫੀਸਦੀ ਲੀਡਰਸ਼ਿਪ, ਜਿੱਤਣ ਵਾਲੇ ਵਿਧਾਇਕ ਤੇ ਵਰਕਰ ਉਨ੍ਹਾਂ ਦੇ ਨਾਲ ਨੇ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਡੇਢ ਸਾਲ ਮਿੰਨਤਾਂ ਕੀਤੀਆਂ ਪਰ ਨਵਜੋਤ ਸਿੰਘ ਸਿੱਧੂ ਨੇ ਕਦੇ ਮੁੱਖ ਮੰਤਰੀ ਬਣਨਣ ਦਾ ਸ਼ੌਂਕ ਨਹੀਂ ਦਿਖਾਇਆ।
ਕੈਂਸਰ ਤੋਂ ਠੀਕ ਹੋਣ ਮਗਰੋਂ ਲਗਾਤਾਰ ਲੋਕਾਂ ਵਿੱਚ ਰਹਿਣ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਖਾਸਕਰ ਦਲਿਤ ਸਮਾਜ ਦੀ ਆਵਾਜ਼ ਬਣਨਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਅੰਤ ਵਿੱਚ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜਲਦ ਹੀ ਉਹ ਆਪਣੀ ਅਗਲੀ ਰਣਨੀਤੀ ਮੀਡੀਆ ਸਾਹਮਣੇ ਰੱਖਣਗੇ।

