Punjab

ਡਾ.ਹਰਸ਼ਿੰਦਰ ਕੌਰ ਦੀ ਕੈਪਟਨ ਨੂੰ ਚਿੱਠੀ, ਡਾਕਟਰਾਂ ਲਈ ਕੀਤੀ ਖਾਸ ਮੰਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬੱਚਾ ਵਿਭਾਗ ਦੀ ਐਸੋਸੀਏਟ ਪ੍ਰੋਫੈਸਰ ਡਾ.ਹਰਸ਼ਿੰਦਰ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਵਿਡ ਮਹਾਂਮਾਰੀ ਦੌਰਾਨ ਡਿਊਟੀ ਕਰਦਿਆਂ ਕੋਵਿਡ ਬਿਮਾਰੀ ਨਾਲ ਮਰਨ ਵਾਲੇ ਡਾਕਟਰਾਂ ਨੂੰ ‘ਸ਼ਹੀਦ’ ਐਲਾਨਣ ਅਤੇ ਇੱਕ ਕਰੋੜ ਰੁਪਏ ਮੁਆਵਜ਼ਾ ਦੇਣ ਲਈ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ। ਡਾ.ਹਰਸ਼ਿੰਦਰ ਕੌਰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਵਜੋਂ ਮਾਨਤਾ ਪ੍ਰਾਪਤ ਹਨ।

ਡਾ.ਹਰਸ਼ਿੰਦਰ ਕੌਰ ਨੇ 18 ਮਈ ਨੂੰ ਰਾਜਿੰਦਰਾ ਹਸਪਤਾਲ ਦੇ ਇੱਕ 35 ਸਾਲਾ ਡਾਕਟਰ ਰਾਜਨ ਸਿੰਗਲਾ ਦੀ ਕੋਵਿਡ ਮਰੀਜ਼ਾਂ ਦੀ ਦੇਖ-ਰੇਖ ਕਰਦਿਆਂ ਹੋਈ ਮੌਤ ਤੋਂ ਬਾਅਦ ਕੈਪਟਨ ਨੂੰ ਇਹ ਚਿੱਠੀ ਲਿਖੀ ਹੈ। ਡਾਕਟਰ ਰਾਜਨ ਸਿੰਗਲਾ ਇੱਕ ਸਰਜਨ ਸਨ। ਡਾ.ਹਰਸ਼ਿੰਦਰ ਕੌਰ ਨੇ ਕਿਹਾ ਕਿ ਪਹਿਲਾਂ ਵੀ ਸੂਬੇ ਦੇ ਕਈ ਡਾਕਟਰ ਕਰੋਨਾ ਮਰੀਜ਼ਾਂ ਦੀ ਦੇਖਭਾਲ ਕਰਦਿਆਂ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਸਾਰੇ ਡਾਕਟਰ ਬਿਨਾਂ ਸ਼ਿਕਾਇਤ ਕੀਤਿਆਂ ਅਤੇ ਬਿਨਾਂ ਛੁੱਟੀ ਲਿਆਂ ਪਿਛਲੇ ਲਗਭਗ ਦੋ ਸਾਲਾਂ ਤੋਂ ਲਗਾਤਾਰ ਕੋਵਿਡ ਮਹਾਂਮਾਰੀ ਨਾਲ ਜੂਝ ਰਹੇ ਹਨ। ਕਈ ਡਾਕਟਰਾਂ ਨੂੰ ਤਾਂ 6-6 ਮਹੀਨੇ ਦੀ ਤਨਖਾਹ ਵੀ ਨਹੀਂ ਮਿਲੀ ਪਰ ਉਹ ਫਿਰ ਵੀ ਕਰੋਨਾ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਹਨ।

ਡਾ.ਹਰਸ਼ਿੰਦਰ ਕੌਰ ਨੇ ਕੈਪਟਨ ਨੂੰ ਚਿੱਠੀ ਵਿੱਚ ਦੱਸਿਆ ਕਿ ਜਿਸ ਕਿਸੇ ਵੀ ਮਰੀਜ਼ ਦੇ ਮਾਪੇ ਉਨ੍ਹਾਂ ਦਾ ਸਾਥ ਛੱਡ ਕੇ ਚਲੇ ਜਾਂਦੇ ਸਨ, ਉਨ੍ਹਾਂ ਨੂੰ ਡਾਕਟਰਾਂ ਨੇ ਹੀ ਸੰਭਾਲਿਆ ਅਤੇ ਜੇ ਕਿਸੇ ਮਰੀਜ਼ ਦੀ ਮੌਤ ਹੋ ਜਾਂਦੀ ਤਾਂ ਉਸਦੀ ਲਾਸ਼ ਨੂੰ ਵੀ ਡਾਕਟਰਾਂ ਨੇ ਖੁਦ ਹੀ ਪੈਕ ਕੀਤਾ ਕਿਉਂਕਿ ਕਈ ਵਾਰ ਦਰਜਾ ਚਾਰ ਕਰਮਚਾਰੀ ਵੀ ਇਸ ਤੋਂ ਪਰ੍ਹਾਂ ਹੋ ਜਾਂਦੇ ਸਨ। ਡਾਕਟਰਾਂ ਨੇ ਆਪ ਹੀ ਕਈ ਵਾਰ ਮਰੀਜ਼ਾਂ ਦੀ ਸਫਾਈ ਕੀਤੀ। ਡਾਕਟਰਾਂ ਨੇ ਘੱਟ ਦਵਾਈਆਂ, ਆਕਸੀਜਨ ਅਤੇ ਹੋਰ ਸਮਾਨ ਨਾ ਹੁੰਦਿਆਂ ਵੀ ਆਪਣੇ ਕੋਲੋਂ ਪੈਸੇ ਪਾ ਕੇ ਡੋਨੇਸ਼ਨ ਨਾਲ ਮਰੀਜ਼ਾਂ ਦਾ ਇਲਾਜ ਜਾਰੀ ਰੱਖਿਆ। ਡਾਕਟਰਾਂ ਨੇ ਕਈ ਵਾਰ ਸਾਰਾ-ਸਾਰਾ ਦਿਨ ਅਤੇ ਰਾਤ, ਖਾਣ-ਪੀਣ ਤੇ ਨੀਂਦਰ ਦਾ ਧਿਆਨ ਛੱਡ ਕੇ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ।

ਡਾਕਟਰਾਂ ਵੱਲੋਂ ਇੰਨਾ ਕੁੱਝ ਕਰਨ ਤੋਂ ਬਾਅਦ ਵੀ ਜਿੱਥੇ ਸਰਕਾਰੀ ਪੱਧਰ ‘ਤੇ ਕਮਜ਼ੋਰੀਆਂ ਹੁੰਦੀਆਂ ਹਨ, ਉੱਥੇ ਵੀ ਲੋਕਾਂ ਦਾ ਸਾਰਾ ਗੁੱਸਾ ਸਰਕਾਰ ਦੀ ਥਾਂ ਡਾਕਟਰਾਂ ਉੱਤੇ ਹੀ ਨਿਕਲਿਆ। ਇਸ ਸਭ ਦੇ ਕਰਕੇ ਡਾਕਟਰਾਂ ਦਾ ਮਨੋਬਲ ਡਿੱਗਣਾ ਹੀ ਸੀ। ਡਾ.ਹਰਸ਼ਿੰਦਰ ਕੌਰ ਨੇ ਕੈਪਟਨ ਨੂੰ ਡਾਕਟਰਾਂ ਦੀ ਹਾਲਤ ‘ਤੇ ਚਾਨਣਾ ਪਾਉਣ ਤੋਂ ਬਾਅਦ ਮੰਗ ਕੀਤੀ ਕਿ :

  • ਕੋਵਿਡ ਡਿਊਟੀ ਦਿੰਦਿਆਂ ਜਿਸ ਵੀ ਡਾਕਟਰ ਦੀ ਮੌਤ ਹੋ ਜਾਂਦੀ ਹੈ, ਉਸਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ।
  • ਕੋਵਿਡ ਨਾਲ ਜਾਨ ਗਵਾਉਣ ਵਾਲੇ ਹਰ ਡਾਕਟਰ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਵੇ।
  • ਡਾਕਟਰਾਂ ਦੀ ਜਾਨ-ਮਾਲ ਦੀ ਸੁਰੱਖਿਆ ਦਾ ਪੂਰਾ ਇੰਤਜ਼ਾਮ ਕੀਤਾ ਜਾਵੇ। ਡਾ.ਹਰਸ਼ਿੰਦਰ ਕੌਰ ਨੇ ਇਹ ਮੰਗ ਇਸ ਲਈ ਕੀਤੀ ਕਿਉਂਕਿ ਉਨ੍ਹਾਂ ਕਿਹਾ ਕਿ ਕਈ ਵਾਰ ਜਦੋਂ ਕੋਵਿਡ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਮਰੀਜ਼ ਦਾ ਪਰਿਵਾਰ ਆਪਣਾ ਸਾਰਾ ਗੁੱਸਾ ਸਰਕਾਰੀ ਡਾਕਟਰਾਂ ਅਤੇ ਵਿਦਿਆਰਥੀਆਂ ਉੱਤੇ ਕੱਢ ਦਿੰਦੇ ਹਨ।
  • ਪਿੰਡ ਪੱਧਰ ਉੱਤੇ ਮੁਫਤ ਐਂਬੂਲੈਂਸ ਸੇਵਾ ਤੁਰੰਤ ਜਾਰੀ ਕੀਤੀ ਜਾਵੇ ਤਾਂ ਜੋ ਅਨੇਕਾਂ ਕੀਮਤੀ ਜਾਨਾਂ ਵੇਲੇ ਸਿਰ ਬਚਾਈਆਂ ਦਾ ਸਕਣ।

ਸੂਬੇ ਚ ਡਾਕਟਰਾਂ ਦੀ ਕਿਉਂ ਹੈ ਘਾਟ

ਡਾ.ਹਰਸ਼ਿੰਦਰ ਕੌਰ ਨੇ ਸੂਬੇ ਵਿੱਚ ਡਾਕਟਰਾਂ ਦੀ ਘਾਟ ਹੋਣ ਦੇ ਕਾਰਨ ਵੀ ਕੈਪਟਨ ਸਰਕਾਰ ਨੂੰ ਦੱਸੇ। ਉਨ੍ਹਾਂ ਕਿਹਾ ਕਿ :

  • ਕਈ ਥਾਂਵਾਂ ‘ਤੇ ਡਾਕਟਰਾਂ ਅਤੇ ਮਰੀਜ਼ਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲਦਾ।
  • ਲੋੜੀਂਦੀਆਂ ਦਵਾਈਆਂ ਅਤੇ ਆਕਸੀਜਨ ਦੀ ਘਾਟ, ਇਲਾਜ ਨਾਲ ਸਬੰਧਿਤ ਸਮਾਨ ਦੀ ਘਾਟ ਕਾਰਨ ਡਾਕਟਰਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
  • ਡਾਕਟਰਾਂ ਨੂੰ ਵੇਲੇ ਸਿਰ ਬਣਦੀ ਸੀਨੀਅਰਤਾ ਨਾ ਮਿਲਣ ਕਰਕੇ ਕਈ ਡਾਕਟਰ ਸਰਕਾਰੀ ਨੌਕਰੀ ਛੱਡ ਚੁੱਕੇ ਹਨ ਜਾਂ ਜੁਆਈਨ ਨਹੀਂ ਕਰ ਰਹੇ।
  • ਇਸ ਕਰਕੇ ਸੂਬਾ ਡਾਕਟਰਾਂ ਦੀ ਘਾਟ ਨਾਲ ਜੂਝ ਰਿਹਾ ਹੈ ਅਤੇ ਮੈਡੀਕਲ ਕਾਲਜ ਬੰਦ ਹੋ ਰਹੇ ਹਨ।