ਸਾਬਕਾ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਮਾਨ ਸਰਕਾਰ ‘ਤੇ ਆਪਣੇ ਚਹੇਤਿਆਂ ਨੂੰ ਨੌਕਰੀਆਂ ਦੇਣ ਦੇ ਦੋ ਸ਼ ਲਾਏ ਹਨ। ਉਨ੍ਹਾਂ ਨੇ ਕਿਹਾ ਕਿ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਮਾਨ ਸਰਕਾਰ ਆਪਣੇ ਚਹੇਤਿਆਂ ਨੂੰ ਚੋਰ-ਮੋਰੀਆਂ ਰਾਹੀਂ ਨੌਕਰੀਆਂ ਦੇ ਕੇ ਵੀ ਬਾਅਦ ਵਿੱਚ ਮੁੱਕਰ ਜਾਂਦੀ ਹੈ ਅਤੇ ਆਪਣੇ ਸਰਕਾਰੀ ਸੋਸ਼ਲ ਮੀਡੀਆ ਖਾਤਿਆਂ ‘ਤੇ ਇਸਦਾ ਖੰਡਨ ਕਰਦੀ ਹੈ।
ਦੱਸ ਦੇਈਏ ਕਿ ਬੀਤੇ ਦਿਨ ਵਿਕਾਸ ਪਰਾਸ਼ਰ ਨੂੰ ਪੰਜਾਬ ਸਰਕਾਰ ਵੱਲੋਂ ਡਾਇਰੈਕਟਰ ਸੋਸ਼ਲ ਮੀਡੀਆ ਨਿਯੁਕਤ ਕਰਨ ਬਾਰੇ ਕਈ ਮੀਡੀਆ ਅਦਾਰਿਆਂ ‘ਚ ਖ਼ਬਰ ਲੱਗੀ ਸੀ, ਜਿਸ ‘ਤੇ ਪੰਜਾਬ ਸਰਕਾਰ ਨੇ ਟਵੀਟ ਰਾਹੀਂ ਇਸ ਖ਼ਬਰ ਨੂੰ ‘ਜਾਅਲੀ ਖ਼ਬਰ’ ਦੱਸਿਆ ਸੀ। ਡਾ. ਧਰਮਵੀਰ ਗਾਂਧੀ ਨੇ ਇਸ ਮੁੱਦੇ ‘ਤੇ ਹੀ ਮਾਨ ਸਰਕਾਰ ‘ਤੇ ਕਿੰਤੂ ਕਰਦਿਆਂ ਕਿਹਾ ਹੈ ਕਿ ਜੇਕਰ ਵਿਕਾਸ ਪਰਾਸ਼ਰ ਨੂੰ ਨਿਯੁਕਤ ਨਹੀਂ ਕੀਤਾ ਗਿਆ ਤਾਂ ਉਹ ਇੱਕ ਦਿਨ ਪਹਿਲਾਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਮੀਟਿੰਗ ਵਿੱਚ ਕਿਸ ਆਹੁਦੇ ਨਾਲ ਬੈਠਦਾ ਹੈ।
ਉਨ੍ਹਾਂ ਕਿਹਾ ਕਿ ਇਸ ਨਿਯੁਕਤੀ ਵਿੱਚ ਇਥੋਂ ਤੱਕ ਹੈ ਕਿ ਵਿਕਾਸ ਪਰਾਸ਼ਰ ਦੀ ਰਜਿਸਟਰ ਵਿੱਚ ਹਾਜਰੀ ਤੱਕ ਲੱਗੀ ਹੋਈ ਹੈ, ਜੋ ਕਿ ਕਾਪੀ ਨਾਲ ਨੱਥੀ ਹੈ, ਤਾਂ ਫਿਰ ਸਰਕਾਰ ਕਿਵੇਂ ਮੁੱਕਰ ਸਕਦੀ ਹੈ?
ਡਾ. ਗਾਂਧੀ ਨੇ ਕਿਹਾ ਕਿ ਮਾਨ ਸਰਕਾਰ ਅਜਿਹਾ ਕਿਉਂ ਕਰ ਰਹੀ ਹੈ। ਉਨ੍ਹਾਂ ਕਿਹਾ ਜਦੋਂ ਪੰਜਾਬ ਦਾ ਨੌਜਵਾਨ ਬੇਰੁਜ਼ਗਾਰ ਹੈ ਤਾਂ ਲੱਖਾਂ ਰੁਪਏ ਦੀਆਂ ਨੌਕਰੀਆਂ ਚੋਰ-ਮੋਰੀ ਰਾਹੀਂ ਕਿਉਂ ਵੰਡੀਆਂ ਜਾ ਰਹੀਆਂ ਹਨ?