Punjab

ਡਾ. ਸਵੈਮਾਨ ਸਿੰਘ ਨੇ ਜਾਰੀ ਕੀਤਾ ਚੋਣ ਏਜੰਡਾ

‘ਦ ਖ਼ਾਲਸ ਬਿਊਰੋ : ਕਿਸਾਨ ਅੰਦੋਲਨ ਵਿੱਚ ਸਿਹਤ ਸੁਵਿਧਾਵਾਂ ਉਪਲਬਧ ਕਰਵਾ ਕੇ ਨਾਮਣਾ ਖੱਟਣ ਵਾਲੇ ਡਾ.ਸਵੈਮਾਨ ਸਿੰਘ ਨੇ ਚੰਡੀਗੜ ਦੇ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫ੍ਰੰਸ ਦੋਰਾਨ ਸੰਯੁਕਤ ਸਮਾਜ ਮੋਰਚਾ ਪਾਰਟੀ ਦੇ ਪੱਖ ਵਿੱਚ ਪ੍ਰਚਾਰ ਕਰਦੇ ਹੋਏ ਪੰਜਾਬ ਦੇ ਵਿਕਾਸ ਲਈ 20 ਵਾਅਦਿਆਂ ਦਾ ਐਲਾਨ ਕੀਤਾ।

ਹੋਰ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਕਰਨਾਟਕ ਤੇ ਯੂਪੀ ਵਰਗੇ ਹਾਲਾਤ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਪੈਦਾ ਕੀਤੇ ਜਾਂਦੇ ਹਨ ਤੇ ਜੇ ਤੁਸੀਂ 84 ਤੇ ਨੀ ਬੋਲੇ ,ਗੁਜਰਾਤ ਦੰਗਿਆਂ ਤੇ ਨੀ ਬੋਲੇ ਤਾਂ ਹੁਣ ਬੋਲੋ।

ਉਹਨਾਂ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ 11 ਫਰਵਰੀ ਤੋਂ ਟ੍ਰੈਕਟਰ ਤੇ ਪੂਰੇ ਪੰਜਾਬ ਦਾ ਸਫ਼ਰ ਸ਼ੁਰੂ ਕਰਨ ਦਾ ਐਲਾਨ ਕੀਤਾ। ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਕਰਕੇ ਸ਼੍ਰੀ ਦਰਬਾਰ ਸਾਹਿਬ,ਅੰਮ੍ਰਿਤਸਰ ਵਿਖੇ  ਖਤਮ ਹੋਵੇਗਾ।

ਆਪਣਾ ਇਤਿਹਾਸ ਤੇ ਸਿੱਖਿਆ ਢਾਂਚੇ ਨੂੰ ਸਾਂਭਣ ਦੀ ਗੱਲ ਤੇ ਜ਼ੋਰ ਦਿੰਦੇ ਹੋਏ ਉਹਨਾਂ ਪੰਜਾਬ ਦੇ ਪਾਣੀਆਂ ਨੂੰ ਸਾਂਭਣ ਦੀ ਅਪੀਲ ਕੀਤੀ।

ਡਾ. ਸਵੈਮਾਣ ਨੇ ਪੰਜਾਬ ਦੇ ਵਿਕਾਸ ਲਈ 20 ਵਾਅਦਿਆਂ ਦੀ ਗੱਲ ਕਰਦੇ ਹੋਏ 3 ਸਾਲ ਵਿਚ ਪੰਜਾਬ ਨੂੰ ਆਤਮਨਿਰਭਰ ਬਣਾਉਣ ਦਾ ਐਲਾਨ ਕੀਤਾ ਤੇ ਕਿਹਾ ਕਿ ਕਿਸਾਨੀ ਨੂੰ ਅੰਤਰਰਾਸ਼ਟਰੀ ਪੱਧਰ ਤੇ  ਮਜਬੂਤ ਕੀਤਾ ਜਾਵੇਗਾ।  ਨਸ਼ਿਆਂ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹਲ ਕਰਨ ਲਈ ਕੰਮ ਕਰਾਂਗੇ ਤੇ ਨਾਲ ਹੀ ਹੈਲਥ ਸਿਸਟਮ ਨੂੰ ਵੀ ਸੁਧਾਰਾਂਗੇ ਤਾਂ ਜੋ ਆਮ ਲੋਕਾਂ ਨੂੰ  ਸਸਤਾ ਇਲਾਜ ਮਿਲ ਸਕੇ। ਅੰਗਹੀਣਾਂ ਲਈ ਭੱਤਾ,ਔਰਤਾਂ ਦੀ ਬਿਹਤਰੀ ਤੇ  ਸਮਾਜਿਕ ਸੁਰੱਖਿਆ ਵਰਗੇ ਬਹੁਤ ਸਾਰੇ ਮੁੱਦੇ ਹਨ ਜੋ ਧਿਆਨ ਮੰਗਦੇ ਹਨ ਤੇ ਅਸੀਂ ਇਹਨਾਂ ਤੇ ਕੰਮ ਕਰਾਂਗੇ,ਨਾਲ ਹੀ 5 ਸਾਲਾਂ ਵਿੱਚ 35 ਲੱਖ ਨੋਕਰੀਆਂ ਦਿਤੀਆਂ ਜਾਣਗੀਆਂ।

ਕੇਜਰੀਵਾਲ ਤੇ ਵਰਦਿਆਂ ਡਾ.ਸਵੈਮਾਣ ਨੇ ਉਸ ‘ਤੇ ਪੰਜਾਬ ਦਾ ਗਲਤ ਅਕਸ ਪੇਸ਼ ਕਰਨ ਦਾ ਇਲਜ਼ਾਮ ਲਗਾਇਆ ਤੇ ਕਿਹਾ ਕਿ ਦਿੱਲ੍ਹੀ ਤੇ ਰਾਜਸਥਾਨ ਪੰਜਾਬ ਦਾ ਪਾਣੀ ਮੁਫ਼ਤ ਵਿੱਚ ਲੈ ਰਹੇ ਹਨ ਪਰ ਅੰਦੋਲਨ ਵਿਚ ਇਹਨਾਂ ਕਿਸਾਨਾਂ ਦਾ ਸਾਥ ਨਹੀਂ ਦਿਤਾ ਤੇ ਨਾ ਹੀ ਕਿਸੇ ਵੀ ਪਾਰਟੀ ਨੇ ਉਹਨਾਂ ਦਾ ਹਾਲ ਪੁੱਛਿਆ।

ਆਖਰ ਵਿੱਚ ਉਹਨਾਂ ਪੰਜਾਬੀਆਂ ਤੇ ਕਿਸਾਨ-ਮਜ਼ਦੂਰ ਯੂਨੀਅਨਾਂ ਨੂੰ ਇਕ ਹੋਣ ਦੀ ਅਪੀਲ ਕੀਤੀ ਤੇ ਕਿਹਾ ਕਿ ਲੀਡਰਾਂ ਨੂੰ ਉਹਨਾਂ ਦੇ ਕੰਮਾ ਬਾਰੇ ਸਵਾਲ ਕੀਤਾ ਜਾਣਾ ਚਾਹਿਦਾ ਹੈ।