ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦਿੱਲੀ ਦੇ ਗਵਰਨਰ ਵੱਲੋਂ ਆਪ ਨੂੰ ਇਸ਼ਤਿਹਾਰਬਾਜ਼ੀ ਲਈ 97 ਕਰੋੜ ਦਾ ਜ਼ੁਰਮਾਨਾ ਲਗਾਏ ਜਾਣ ਤੋਂ ਬਾਅਦ ਕਿਹਾ ਹੈ ਕਿ ਇਸ ਤੋਂ ਪਤਾ ਲਗਦਾ ਹੈ ਕਿ ਕਿਵੇਂ ਪੰਜਾਬ ਤੇ ਦਿੱਲੀ ਦੀ ਆਪ ਸਰਕਾਰ ਆਮ ਜਨਤਾ ਤੋਂ ਵਸੂਲੇ ਜਾਂਦੇ ਟੈਕਸ ਦੇ ਪੈਸੇ ਨੂੰ ਇਸ਼ਤਿਹਾਰਬਾਜ਼ੀ ਵਿੱਚ ਲੁਟਾ ਰਹੀਆਂ ਹਨ। ਉਹਨਾਂ ਇਹ ਵੀ ਇਲਜ਼ਾਮ ਆਪ ‘ਤੇ ਲਗਾਇਆ ਹੈ ਕਿ ਆਪ ਨੇ ਇਸ਼ਤਿਹਾਰਾਂ ਨੂੰ ਹਥਿਆਰ ਬਣਾ ਲਿਆ ਹੈ ਤੇ ਜਿਹੜੀਆਂ ਅਖਬਾਰਾਂ ਆਪ ਦੀ ਪਾਲਿਸੀ ਨੂੰ ਨਹੀਂ ਸੁਖਾਦੀਆਂ,ਉਹਨਾਂ ਨਾਲ ਫਿਰ ਵਿਤਕਰਾ ਕੀਤਾ ਜਾਂਦਾ ਹੈ।
ਡਾ. ਦਲਜੀਤ ਸਿੰਘ ਚੀਮਾ ਨੇ ਰੋਜ਼ਾਨਾ ਅਜੀਤ ਨੂੰ ਇਸ਼ਤਿਹਾਰ ਬੰਦ ਕਰਵਾਉਣ ਦੀ ਕਾਰਵਾਈ ਦਾ ਵੀ ਵਿਰੋਧ ਕੀਤਾ ਹੈ । ਉਹਨਾਂ ਪੰਜਾਬ ਸਰਕਾਰ ‘ਤੇ ਵਰਦਿਆਂ ਹੋਇਆਂ ਇਲਜ਼ਾਮ ਲਗਾਇਆ ਹੈ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਪੰਜਾਬੀਅਤ ਦੀ ਲੰਬੇ ਸਮੇਂ ਤੋਂ ਸੇਵਾ ਕਰਦੀ ਆ ਰਹੀ ਅਖਬਾਰ ਅਜੀਤ ਨੂੰ ਛੱਡ ਕੇ ਉਹਨਾਂ ਅਖਬਾਰਾਂ ਨੂੰ ਇਸ਼ਤਿਹਾਰ ਕਿਉਂ ਦਿੱਤੇ ਜਾ ਰਹੇ ਹਨ,ਜਿਹਨਾਂ ਦਾ ਪੰਜਾਬ ਤੇ ਪੰਜਾਬੀਅਤ ਨਾਲ ਦੂਰ-ਦੂਰ ਤੱਕ ਵਾਸਤਾ ਨਹੀਂ ਹੈ। ਇਹ ਮਾਮਲਾ ਵੀ ਜਾਂਚ ਦੀ ਮੰਗ ਕਰਦਾ ਹੈ ਤੇ ਇਸ ਸਬੰਧ ਵਿੱਚ ਕਾਰਵਾਈ ਦੀ ਮੰਗ ਡਾ. ਦਲਜੀਤ ਸਿੰਘ ਚੀਮਾ ਨੇ ਕੀਤੀ ਹੈ।