ਸੋਹਾਣਾ : ਆਪਣੇ ਘਰ ਬਾਰ ਛੱਡ ਆਪਣੇ ਹੱਕਾਂ ਲਈ ਮੋਰਚੇ ਲਾਉਣ ਵਾਲਿਆਂ ਵੱਲੋਂ ਲੋਹੜੀ ਇਸ ਵਾਰ ਸੜਕਾਂ ‘ਤੇ ਹੀ ਮਨਾਈ ਜਾ ਰਹੀ ਹੈ । ਪਿਛਲੇ ਕਈ ਦਿਨਾਂ ਤੋਂ ਮੁਹਾਲੀ ਦੇ ਸੋਹਾਣਾ ਇਲਾਕੇ ਵਿੱਚ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਡੀਪੀਈ ਅਧਿਆਪਕਾਂ ਨੇ ਲੋਹੜੀ ਦਾ ਤਿਉਹਾਰ ਸਰਕਾਰ ਦੇ ਵਿਰੋਧ ਵਿੱਚ ਨਾਅਰੇ ਲੱਗਾ ਕੇ ਮਨਾਇਆ ਹੈ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿਧਾਇਕ ਦੇਵ ਮਾਨ ਨੂੰ ਸੰਬੋਧਨ ਕਰਦੇ ਹੋਏ ਧਰਨਾਕਾਰੀਆਂ ਨੇ ਕਿਹਾ ਹੈ ਇਸ ਵਕਤ ਸਾਰੇ ਆਪੋ ਆਪਣੇ ਘਰਾਂ ਵਿੱਤ ਲੋਹੜੀ ਮਨਾ ਰਹੇ ਹਨ ,ਅਸੀਂ ਵੀ ਘਰੇ ਤਿਉਹਾਰ ਮਨਾਉਂਦੇ ਹੋਣਾ ਸੀ ਜੇਕਰ ਸਾਨੂੰ ਸਾਡੇ ਨਿਯੁਕਤੀ ਪੱਤਰ ਮਿਲ ਜਾਂਦੇ।
ਉਹਨਾਂ ਇਹ ਵੀ ਕਿਹਾ ਹੈ ਕਿ ਸੰਘਰਸ਼ ਜਾਰੀ ਰਹੇਗਾ ,ਜਦੋਂ ਤੱਕ ਪੰਜਾਬ ਸਰਕਾਰ ਸਾਡੀਆਂ ਮੰਗਾਂ ਨਹੀਂ ਮਨ ਲੈਂਦੀ। ਇਸ ਸੰਘਰਸ਼ ਦਾ ਅੱਜ ਛੇਵਾਂ ਦਿਨ ਹੋ ਗਿਆ ਹੈ,ਧਰਨਾ ਲਗਾਤਾਰ ਜਾਰੀ ਹੈ। ਬੀਤੀ ਰਾਤ ਬਹੁਤ ਜਿਆਦਾ ਤੇਜ਼ ਬਾਰਿਸ਼ ਦੇ ਬਾਵਜੂਦ ਵੀ ਧਰਨਾਕਾਰੀ ਮੋਰਚੇ ‘ਤੇ ਡਟੇ ਹੋਏ ਹਨ ।
ਜ਼ਿਕਰਯੋਗ ਹੈ ਕਿ 10 ਜਨਵਰੀ ਨੂੰ ਸਿਖਿਆ ਮੰਤਰੀ ਦੇ ਓਐੱਸਡੀ ਨਾਲ ਧਰਨਾਕਾਰੀਆਂ ਦੀ ਬੇਸਿੱਟਾ ਮੀਟਿੰਗ ਹੋਈ ਸੀ,ਜਿਸ ਤੋਂ ਬਾਅਦ ਸਾਰੇ ਧਰਨਾਕਾਰੀਆਂ ਨੇ ਸਾਰਾ ਏਅਰਪੋਰਟ ਰੋਡ ਜਾਮ ਕਰ ਦਿੱਤਾ ਸੀ। ਬਾਅਦ ਵਿੱਚ ਮਿਤੀ 11-01-2023 ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ 168 ਡੀਪੀਈ ਜਥੇਬੰਦੀ ਆਗੂਆਂ ਦੀ ਅਨੰਦਪੁਰ ਸਾਹਿਬ ਵਿਖੇ ਮੀਟਿੰਗ ਹੋਈ,ਜਿਸ ਵਿੱਚ 15 ਦਿਨਾਂ ਦੇ ਅੰਦਰ ਇਸ ਮਸਲੇ ਦਾ ਹੱਲ ਕਰਨ ਲਈ ਭਰੋਸਾ ਦਵਾਇਆ ਗਿਆ ।
ਜਥੇਬੰਦੀ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਦਿੱਤੇ ਭਰੋਸੇ ਅਨੁਸਾਰ ਮਸਲੇ ਦਾ ਹੱਲ 15 ਦਿਨਾਂ ਵਿੱਚ ਨਹੀਂ ਹੁੰਦਾ ਜਾਂ ਸਿੱਖਿਆ ਵਿਭਾਗ ਵੱਲੋਂ ਸਹੀ ਲਿਸਟਾਂ ਜਾਰੀ ਨਹੀਂ ਹੋਈਆਂ ਤਾਂ ਟੈਂਕੀ ਉੱਤੇ ਪ੍ਰਦਰਸ਼ਨ ਕਰ ਰਹੇ ਉਮੀਦਵਾਰਾਂ ਦੇ ਕਿਸੇ ਵੀ ਤਰ੍ਹਾਂ ਦਾ ਜਾਨੀ ਜਾ ਮਾਲੀ ਨੁਕਸਾਨ ਦੀ ਸਿੱਧੀ ਜਿੰਮੇਵਾਰੀ ਡੀਪੀਆਈ ਸਣੇ ਪੂਰੇ ਭਰਤੀ ਬੋਰਡ ਦੀ ਹੋਵੇਗੀ।
ਅੱਜ ਲੋਹੜੀ ਦੇ ਤਿਉਹਾਰ ਸਮੇਂ 168 ਸਰੀਰਕ ਸਿੱਖਿਆ ਅਧਿਆਪਕ ਦੁਆਰਾ ਸੋਹਾਣਾ ਸਾਹਿਬ ਟੈਂਕੀ ਕੋਲ ਲੋਹੜੀ ਬਾਲਕੇ ਰਿਉੜੀਆਂ ਅਤੇ ਮੂੰਗਫਲੀਆਂ ਦੀ ਥਾਂ ਰੇਤਾ ਅਤੇ ਬੱਜਰੀ ਨਾਲ ਲੋਹੜੀ ਮਨਾਈ ਗਈ । ਇਸ ਵਿੱਚ 168 ਡੀਪੀਈ ਅਧਿਆਪਕਾਂ ਉੱਪਰ ਜ਼ਬਰੀ ਲਗਾਈ ਜਾ ਰਹੀ ਪੀਐਸ ਟੈਟ-2 ਦੀ ਸ਼ਰਤ ਦੇ ਨੋਟਿਸ ਨੂੰ ਧੂਣੀ ਵਿੱਚ ਸਾੜਿਆ ਗਿਆ ਤੇ ਆਪਣੀਆ ਮੰਗਾਂ ਨੂੰ ਲੈ ਕੇ ਭਰਤੀ, ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ।
ਧਰਨਾਕਾਰੀ ਅਧਿਆਪਕਾਂ ਨੇ ਐਲਾਨ ਕੀਤਾ ਹੈ ਕਿ ਜੇਕਰ 25 ਜਨਵਰੀ 2023 ਤੱਕ ਸਿਲੈਕਸ਼ਨ ਲਿਸਟਾਂ ਜਾਰੀ ਨਹੀਂ ਕੀਤੀਆਂ ਜਾਂਦੀਆਂ ਤਾਂ 26 ਜਨਵਰੀ ਨੂੰ ਫਿਰੋਜ਼ਪੁਰ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਸਵਾਗਤ 168ਡੀ.ਪੀ.ਈ. ਉਮੀਦਵਾਰਾਂ ਵੱਲੋਂ ਪੈਟਰੋਲ ਦੀਆਂ ਬੋਤਲਾਂ ਲੈਕੇ ਅਤੇ ਆਪਣੇ ਉੱਪਰ ਪੈਟਰੋਲ ਪਾਕੇ, ਸਰਕਾਰ ਦੇ ਮੁਰਦਾਬਾਦ ਦੇ ਨਾਰਿਆਂ ਨਾਲ ਕੀਤਾ ਜਾਵੇਗਾ ਤੇ ਕਾਲੀਆਂ ਝੰਡੀਆਂ ਵੀ ਦਿਖਾਈਆਂ ਜਾਣਗੀਆਂ।