‘ਦ ਖ਼ਾਲਸ ਟੀਵੀ ਬਿਊਰੋ:- ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਕਮਜੋਰੀ ਤੇ ਬੁਖਾਰ ਦੀ ਸ਼ਿਕਾਇਤ ਉੱਤੇ ਦਿੱਲੀ ਦੇ ਐਮਸ ਵਿੱਚ ਦਾਖਿਲ ਕਰਵਾਇਆ ਗਿਆ ਸੀ। 80 ਸਾਲ ਦੇ ਮਨਮੋਹਨ ਸਿੰਘ ਨੂੰ ਹਸਪਤਾਲ ਦੇ ਕਾਰਡਿਓ-ਨਿਊਰੋ ਸੈਂਟਰ ਦੇ ਪ੍ਰਾਈਵੇਟ ਵਾਰਡ ਵਿੱਚ ਭਰਤੀ ਕਰਵਾਇਆ ਗਿਆ ਹੈ।
ਉਨ੍ਹਾਂ ਦਾ ਇਲਾਜ ਡਾਕਟਰ ਨਿਤੀਸ਼ ਨਾਇਕ ਦੀ ਅਗੁਵਾਈ ਵਾਲੀ ਕਾਰਡਿਓਲਾਜਿਸਟ ਦੀ ਇੱਕ ਟੀਮ ਕਰ ਰਹੀ ਹੈ। ਐਮਸ ਦੇ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਹੈ ਕਿ ਉਨ੍ਹਾਂ ਦੀ ਹਾਲਤ ਸੁਧਰ ਰਹੀ ਹੈ। ਸ਼ੁੱਕਰਵਾਰ ਸ਼ਾਮ ਨੂੰ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਨੇ ਮਨਮੋਹਨ ਸਿੰਘ ਦਾ ਹਾਲਚਾਲ ਪੁੱਛਿਆ ਹੈ। ਇਸ ਤੋਂ ਇਲਾਵਾ ਲੰਘੇ ਕੱਲ੍ਹ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਵੀ ਸਾਬਕਾ ਪੀਐੱਮ ਨਾਲ ਮੁਲਾਕਾਤ ਕੀਤੀ ਹੈ।