Punjab

ਮੈਨੂੰ RSS ਦਾ ਏਜੰਟ ਕਹਿਣ ਵਾਲੇ ਸਬੂਤ ਪੇਸ਼ ਕਰਨ, ਨਹੀਂ ਤਾਂ ਕੁੱਤੇ ਭਕਾਈ ਬੰਦ ਕਰਨ: ਖਹਿਰਾ

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ): ਪੰਜਾਬ ਭਰ ‘ਚ ਚੱਲ ਰਹੇ ਖੇਤੀ ਕਾਨੂੰਨਾਂ ਦੇ ਵਿਰੋਧ ਦੌਰਾਨ ਲੋਕਾਂ ਨੂੰ ਸ਼ੰਕੇ ਪੈਦਾ ਹੋ ਰਹੇ ਹਨ ਕਿ ਕੁਝ ਸਿਆਸੀ ਲੀਡਰ ਆਪਣੇ ਨਿੱਜੀ ਮੁਫਾਦਾ ਲਈ ਕਿਸਾਨਾਂ ਦਾ ਸਾਥ ਦੇਣ ਦਾ ਨਾਟਕ ਕਰ ਰਹੇ ਹਨ। ਅਜਿਹੇ ਹੀ ਵਿਰੋਧ ਦਾ ਸਾਹਮਣਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਰਨਾ ਪੈ ਰਿਹਾ ਹੈ। ਖਹਿਰਾ ਨੇ ਕਿਹਾ ਕਿ ਸ਼ੋਸ਼ਲ ਮੀਡੀਆ ਉੱਤੇ ਕੁਝ ਲੋਕ ਜਾਣਬੁੱਝ ਕੇ ਉਹਨਾਂ ਦੇ ਵੱਕਾਰ ਨੂੰ ਢਾਹ ਲਗਾਉਣ ਲਈ ਕਈ ਤਰ੍ਹਾਂ ਦੀਆਂ ਸਾਜਿਸ਼ਾਂ ਕਰ ਰਹੇ ਹਨ।

 

ਖਹਿਰਾ ਨੇ ਫੇਸਬੁੱਕ ‘ਤੇ ਲਿਖਿਆ ਕਿ, “ਦੋਸਤੋ, ਮੈਂ ਦੇਖ ਰਿਹਾ ਹਾਂ ਕਿ ਮੇਰੇ ਸਿਆਸੀ ਵਿਰੋਧੀ ਕੋਝੀਆਂ ਚਾਲਾਂ ਚੱਲ ਕੇ ਮੇਰੇ ਵੱਕਾਰ ਨੂੰ ਢਾਹ ਲਗਾਉਣ ਲਈ ਕਈ ਤਰਾਂ ਦੀਆਂ ਸਾਜਿਸ਼ਾਂ ਕਰ ਰਹੇ ਹਨ। ਇਸ ਮਕਸਦ ਲਈ ਉਹ ਵੱਖ ਵੱਖ ਹੱਥਕੰਡੇ ਅਪਨਾਉਂਦੇ ਹਨ ਤੇ ਹੱਥਠੋਕਿਆਂ ਨੂੰ ਮੁਹਰੇ ਕਰਕੇ ਬਿਨਾਂ ਕਿਸੇ ਸਬੂਤ ਜਾਂ ਤੱਥ ਦੇ ਕਦੇ ਮੈਨੂੰ RSS ਦਾ ਏਜੰਟ, ਕਦੇ BJP ਦਾ ਏਜੰਟ, ਕਦੇ ਕਾਂਗਰਸ ਦਾ ਏਜੰਟ, ਕਦੇ ਬਾਦਲਾਂ ਦਾ ਏਜੰਟ ਆਦਿ ਆਖਦੇ ਹਨ। ਮੈਂ ਉਹਨਾਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਹਾਂ ਮੈਂ ਏਜੰਟ ਹਾਂ ਪਰ ਉਸ ਪਰਮਾਤਮਾ ਵਾਹਿਗੁਰੂ ਦਾ, ਆਪਣੇ ਲੋਕਾਂ ਅਤੇ ਪੰਜਾਬ ਦਾ। ਮੈਂ ਸਿਆਸੀ ਫ਼ੈਸਲੇ ਲੈਣ ਵਿੱਚ ਗਲਤੀਆਂ ਕੀਤੀਆਂ ਹੋਣਗੀਆਂ ਕਿਉਂਕਿ ਮੈਂ ਹੋਰਨਾਂ ਆਗੂਆਂ ਵਾਂਗ ਸ਼ਾਤਿਰ ਸਿਆਸਤਦਾਨ ਨਹੀਂ ਹਾਂ ਪਰੰਤੂ ਮੈਂ ਕਦੇ ਵੀ ਆਪਣੇ ਸੂਬੇ ਅਤੇ ਲੋਕਾਂ ਨਾਲ ਧੋਖਾ ਨਹੀਂ ਕੀਤਾ। ਮੈਂ ਮੇਰੇ ਉੱਪਰ ਝੂਠੇ ਇਲਜਾਮ ਲਗਾਉਣ ਵਾਲੇ ਸਾਰਿਆਂ ਨੂੰ ਚੈਲੰਜ ਕਰਦਾ ਹਾਂ ਕਿ ਜੇਕਰ ਉਹਨਾਂ ਕੋਲ ਕੋਈ ਸਬੂਤ ਹੈ ਤਾਂ ਲੋਕ ਅਦਾਲਤ ਵਿੱਚ ਪੇਸ਼ ਕਰਨ, ਨਹੀਂ ਤਾਂ ਇਹ ਕੁੱਤੇ ਭਕਾਈ ਬੰਦ ਕਰ ਦੇਣ”।

 

 

 

ਹਾਲਾਂਕਿ ਖਹਿਰਾ ਨੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਬੁੱਧੀਜੀਵੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਾਂ ਸਾਰੇ ਇੱਕ ਮੰਚ ‘ਤੇ ਇਕੱਠੇ ਹੋ ਕੇ ਇਸ ਸੰਘਰਸ਼ ਨੂੰ ਲੜੀਏ। ਦੱਸ ਦੇਈਏ ਕਿ ਸੁਖਪਾਲ ਸਿੰਘ ਖਹਿਰਾ ਪਹਿਲੇ ਦਿਨ ਤੋਂ ਹੀ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਆ ਰਹੇ ਹਨ। ਸਵਾਲ ਇਹ ਉੱਠਦਾ ਹੈ ਕਿ ਬਾਵਜੂਦ ਇਸਦੇ ਖਹਿਰਾ ਨੂੰ ਸ਼ੋਸ਼ਲ ਮੀਡੀਆ ‘ਤੇ ਲੋਕਾਂ ਦੀ ਨਾਰਾਜ਼ਗੀ ਕਿਉਂ ਝੱਲਣੀ ਪੈ ਰਹੀ ਹੈ।