‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਮਹਾਂਮਾਰੀ ਦੇ ਚਲਦੇ ਜਿੱਥੇ ਨਿਊਜ਼ੀਲੈਂਡ ਦੀਆਂ ਰਾਜਨੀਤਿਕ ਪਾਰਟੀਆਂ ਏਕਾਂਤਵਾਸ ਨੂੰ ਲੈ ਕੇ ਵੱਖ-ਵੱਖ ਹਾਲਤਾਂ ਨੂੰ ਵੇਖਦੇ ਹੋਏ ਖਰਚਾ ਲੈਣ ਬਾਰੇ ਸੋਚ ਰਹੀਆਂ ਹਨ, ਉੱਥੇ ਹੀ ਲਗਦਾ ਹੈ ਕਿ ਜਿਹੜੇ ਕੀਵੀ ਲੋਕ ਜੋ ਕਿ ਵਾਪਸ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਰਕਾਰ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਏਅਰ ਲਾਈਨਸ ਟਿਕਟਾਂ ਵੇਚ ਸਕਣਗੀਆਂ।
ਦੱਸਣਯੋਗ ਹੈ ਕਿ ਨਿਊਜ਼ੀਲੈਂਡ ਲਈ ਭਾਰਤ ਤੋਂ ਹੁਣ ਦੋ ਹੋਰ ਫਲਾਈਟਾਂ 5 ਤੇ 10 ਅਗਸਤ ਨੂੰ ਜਾਉਣ ਲਈ ਤੈਅ ਕੀਤੀਆਂ ਗਈਆਂ ਹਨ, ਪਰ ਰਾਸ਼ਟਰੀ ਖਬਰਾਂ ਮੁਤਾਬਿਕ ਸ਼ਾਇਦ ਇਹ ਜਹਾਜ਼ ਖਾਲੀ ਆਉਣ ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਏਕਾਂਤਵਾਸ ਕਰਨ ਦੇ ਲਈ ਸਰਕਾਰ ਨੂੰ ਥਾਂ ਦੀ ਔਖਿਆਈ ਆ ਰਹੀ ਹੈ ਅਤੇ ਲਗਪਗ 400 ਦੇ ਕਰੀਬ ਨਿਊਜ਼ੀਲੈਂਡ ਨਾਗਰਿਕ ਤੇ ਇਸ ਤੋਂ ਇਲਾਵਾ ਪੱਕੇ ਵੀਜੇ ਵਾਲੇ ਭਾਰਤ ‘ਚ ਫਸੇ ਹੋਏ ਹਨ ਤੇ ਵਾਪਿਸ ਆਉਣਾ ਚਾਹੁੰਦੇ ਹਨ।
ਨਿਊਜ਼ੀਲੈਂਡ ਸਰਕਾਰ ਨੇ ਅਜੇ ਕੀਵੀਆਂ ਦੀ ਵਾਪਿਸੀ ਲਈ ਏਅਰ ਇੰਡੀਆ ਨੂੰ ਇਜ਼ਾਜਤ ਨਹੀਂ ਦਿੱਤੀ ਕਿ ਉਹ ਇਨ੍ਹਾਂ ਫਲਾਈਟਾਂ ‘ਚ ਕੀਵੀ ਜਾਂ ਪੱਕੇ ਲੋਕਾਂ ਨੂੰ ਲੈ ਆਉਣ। ਸਰਕਾਰ ਵੱਲੋਂ ਹੁਣ ਤੱਕ 32,632 ਲੋਕਾਂ ਨੂੰ ਏਕਾਂਤਵਾਸ ਦੀ ਸਹੂਲਤ ਦਿੱਤੀ ਜਾ ਚੁੱਕੀ ਹੈ, ਅਤੇ ਉਨ੍ਹਾਂ ਲੋਕਾਂ ਨੂੰ 32 ਥਾਵਾਂ ‘ਤੇ ਰੱਖਿਆ ਜਾ ਰਿਹਾ ਹੈ। ਕੁਲ ਸਮਰੱਥਾ 6770 ਦੀ ਹੈ। ਜਾਣਕਾਰੀ ਮੁਤਾਬਿਕ ਆਉਣ ਵਾਲੇ 14 ਦਨਾਂ ਦੇ ਅੰਦਰ ਨਿਊਜ਼ੀਲੈਂਡ ਆਉਣ ਵਾਲੇ ਲੋਕਾਂ ਦੀ ਗਿਣਤੀ ਸਮਰੱਥਾ ਤੋਂ ਵੀ ਵੱਧ ਦੀ ਆਸ ਕੀਤੀ ਜਾਂਦੀ ਹੈ ਜਿਸ ਕਰਕੇ ਆਉਣ ਵਾਲੀਆਂ ਫਲਾਈਟਾਂ ਨੂੰ ਬੜੇ ਨਾਪ-ਤੋਲ ਕੇ ਸਵਾਰੀਆਂ ਲਿਆਉਣ ਦਿੱਤੀਆਂ ਜਾ ਸਕਦੀਆਂ ਹਨ।