ਮਾਨਸਾ : ਪੰਜਾਬ ਦੇ ਮਾਲਵਾ ਇਲਾਕੇ ਵਿੱਚ ਪੈਂਦੇ ਮਾਨਸਾ ਜਿਲ੍ਹੇ ਵਿੱਚ ਸੁਰੱਖਿਆ ਨੂੰ ਲੈ ਕੇ ਜਿਲ੍ਹਾ ਪੁਲਿਸ ਚੌਕਸ ਹੈ ਤੇ ਆਮ ਲੋਕਾਂ ਵਿੱਚ ਕਾਨੂੰਨ ਲਈ ਵਿਸ਼ਵਾਸ ਪੈਦਾ ਕਰਨ ਤੇ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਸੁਨੇਹਾ ਲਾਉਣ ਦੇ ਉਦੇਸ਼ ਨਾਲ ਜਿਲ੍ਹਾ ਪੁਲਿਸ ਤੇ ਪੈਰਾ ਮਿਲਟਰੀ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ,ਜਿਸ ਵਿੱਚ ਵੱਡੀ ਗਿਣਤੀ ਵਿੱਚ ਫੋਰਸ ਸ਼ਾਮਲ ਹੋਈ ਹੈ।
ਮਾਨਸਾ ਦੇ ਐਸਐਸਪੀ ਡਾ.ਨਾਨਕ ਸਿੰਘ,ਐਸਪੀਡੀ ਬਾਲਕ੍ਰਿਸ਼ਨ ਨੇ ਇਸ ਫਲੈਗ ਮਾਰਚ ਦੀ ਅਗਵਾਈ ਕੀਤੀ ਹੈ ਤੇ ਐਸਐਸਪੀ ਮਾਨਸਾ ਡਾ.ਨਾਨਕ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੱਸਿਆ ਕਿ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਅਤੇ ਮਾਨਸਾ ਪੁਲਿਸ ਨੇ 35 ਅਜਿਹੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਜੋ ਸੜਕ ਜਾਮ ਅਤੇ ਗੜਬੜ ਪੈਦਾ ਕਰ ਸਕਦੇ ਹਨ ਤਾਂ ਜੋ ਸ਼ਹਿਰ ਦਾ ਮਾਹੌਲ ਖਰਾਬ ਹੋ ਸਕੇ। ਡਾ ਨਾਨਕ ਸਿੰਘ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਅਫਵਾਹ ‘ਤੇ ਵਿਸ਼ਵਾਸ ਨਾ ਕਰਨ।
ਪੰਜਾਬ ਵਿੱਚ ਚੱਲ ਰਹੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਸੂਬੇ ਦੀ ਪੁਲਿਸ ਤੇ ਪ੍ਰਸ਼ਾਸਨ ਸ਼ਾਂਤੀ ਤੇ ਸੁਰੱਖਿਆ ਨੂੰ ਬਹਾਲ ਰੱਖਣ ਲਈ ਪੱਬਾਂ ਭਾਰ ਹੋਈ ਪਈ ਹੈ। ਜਿਸ ਦੇ ਚੱਲਦਿਆਂ ਸਾਰੇ ਸੂਬੇ ਵਿੱਚ ਫਲੈਗ ਮਾਰਚ ਕੱਢੇ ਜਾ ਰਹੇ ਹਨ, ਨਾਕੇ ਲਾਏ ਗਏ ਹਨ ਤੇ ਗੈਰ ਸਮਾਜਿਕ ਤੱਤਾਂ ਨੂੰ ਫੜਨ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।