ਮੁਹਾਲੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਤੇ ਪੰਜਾਬ ਭਰ ਵਿੱਚ ਅੱਜ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਲ੍ਹਾ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤੇ ਗਏ ਹਨ। ਇਸੇ ਕੜੀ ਦੇ ਤਹਿਤ ਅੱਜ ਜਿਲ੍ਹਾ ਮੁਹਾਲੀ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਤੋਂ ਲੈ ਕੇ ਡੀਸੀ ਦਫਤਰ ਤੱਕ ਮਾਰਚ ਕੱਢਿਆ ਤੇ 2 ਘੰਟਿਆਂ ਤੱਕ ਰੋਸ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਬੰਦੀ ਸਿੰਘ ਰਿਹਾਅ ਕਰੋ ਦੇ ਨਾਅਰੇ ਵੀ ਲਗਾਏ ਗਏ ਤੇ ਰਾਸ਼ਟਰਪਤੀ ਦੇ ਨਾਮ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਕਾਲੇ ਕਪੜੇ ਪਾ ਕੇ ਸਰਕਾਰ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕੀਤਾ ਤੇ ਮੰਗ ਕੀਤੀ ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਕਿਉਂਕਿ ਉਹ ਪਹਿਲਾਂ ਹੀ ਆਪਣੀ ਬਣਦੀ ਸਜ਼ਾ ਨੂੰ ਭੁਗਤ ਚੁੱਕੇ ਹਨ।
ਪ੍ਰਦਰਸ਼ਨ ਕਾਰੀਆਂ ਦਾ ਕਹਿਣਾ ਸੀ ਕਿ ਦੇਸ਼ ਵਿੱਚ ਦੋ ਕਾਨੂੰਨ ਹਨ,ਇੱਕ ਆਮ ਭਾਰਤੀਆਂ ਦੇ ਲਈ ਤੇ ਦੂਸਰਾ ਸਿੱਖਾਂ ਦੇ ਲਈ। ਕੋਈ ਵੀ ਸੰਵਿਧਾਨ ਤੇ ਕਾਨੂੰਨ ਇਹ ਨਹੀਂ ਕਹਿੰਦਾ ਕਿ ਇੱਕ ਗਲਤੀ ਦੇ ਲਈ ਸਜ਼ਾ ਦੋ ਵਾਰ ਹੋਵੇ। ਸਰਕਾਰ ਨੂੰ ਚਾਹਿਦਾ ਹੈ ਇਸ ਮਾਮਲੇ ਦੀ ਪੈਰਵਾਈ ਕੀਤੀ ਜਾਵੇ ਤੇ ਇਨਸਾਫ਼ ਹੋਵੇ।
ਇਹਨਾਂ ਬੰਦੀ ਸਿੰਘਾਂ ਦੀ ਸਾਰੀ ਜੁਆਨੀ ਜੇਲ੍ਹ ਵਿੱਚ ਗੁਜ਼ਰ ਗਈ ਹੈ ਤੇ ਹੁਣ ਘੱਟੋ ਘੱਟ ਜਿੰਦਗੀ ਦੇ ਬਾਕੀ ਪਲ ਆਪਣੇ ਪਰਿਵਾਰ ਨਾਲ ਬਿਤਾ ਸਕਣ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਜੇਕਰ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਪਵਿੱਤਰ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਵੀ ਰੋਸ ਪ੍ਰਦਰਸ਼ਨ ਹੋਏ ਹਨ ।ਜਿਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰਾਂ ਦੀ ਬੇਰੁਖੀ ਕਈ ਵਾਰ ਕਿਸੇ ਹੋਰ ਭਾਵਨਾ ਨੂੰ ਜਨਮ ਦਿੰਦੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਕਾਲੇ ਚੋਲੇ ਪਾ ਕੇ, ਜ਼ੰਜ਼ੀਰਾਂ ਬੰਨ੍ਹ ਕੇ ਪ੍ਰਦਰਸ਼ਨ ਕਰਾਂਗੇ। ਸਾਡੇ ਨਾਲ ਇਨਸਾਫ਼ ਨਹੀਂ ਹੋ ਰਿਹਾ।
ਧਾਮੀ ਨੇ ਕਿਹਾ ਕਿ ਇਸ ਧਰਤੀ ਉੱਤੇ ਦੋ ਵੱਖਰੇ ਕਾਨੂੰਨ ਹਨ। ਜਬਰ ਜਨਾਹ ਵਾਲਿਆਂ ਨੂੰ ਤਾਂ ਛੱਡਿਆ ਜਾ ਰਿਹਾ ਹੈ, ਰਾਜੀਵ ਗਾਂਧੀ ਦੇ ਕਾਤਲ ਨੂੰ ਛੱਡਿਆ ਗਿਆ ਹੈ ਪਰ ਬੰਦੀ ਸਿੰਘਾਂ ਦੀ ਰਿਹਾਈ ਵੱਲ ਕੋਈ ਧਿਆਨ ਹੀ ਨਹੀਂ ਦੇ ਰਿਹਾ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕਦੇ ਕਮਜ਼ੋਰ ਨਹੀਂ ਹੋ ਸਕਦੀ।