India Punjab Religion

ਦੋਹਾਂ ਤਖ਼ਤਾਂ ਵਿਚਾਲੇ ਵਿਵਾਦ ਖ਼ਤਮ -ਜਥੇਦਾਰ ਕੁਲਦੀਪ ਸਿੰਘ ਗੜਗੱਜ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿੱਚ 14 ਜੁਲਾਈ 2025 ਨੂੰ ਅੰਮ੍ਰਿਤਸਰ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਨਾਲ ਜੁੜੇ ਵਿਵਾਦ ਨੂੰ ਸੁਲਝਾਉਣ ਲਈ ਮਹੱਤਵਪੂਰਨ ਫੈਸਲੇ ਲਏ ਗਏ। ਇਸ ਇਕੱਤਰਤਾ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਟੇਕ ਸਿੰਘ ਧਨੌਲਾ, ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਲਤਾਨ ਸਿੰਘ, ਗਿਆਨੀ ਰਾਜਦੀਪ ਸਿੰਘ ਅਤੇ ਗਿਆਨੀ ਕੇਵਲ ਸਿੰਘ ਸ਼ਾਮਲ ਸਨ।

ਮੁੱਖ ਵਿਚਾਰ-ਵਟਾਂਦਰਾ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਮਸਲਿਆਂ ਅਤੇ ਪੰਥਕ ਏਕਤਾ ਨੂੰ ਮਜ਼ਬੂਤ ਕਰਨ ’ਤੇ ਕੇਂਦਰਿਤ ਸੀ। ਤਖ਼ਤ ਸ੍ਰੀ ਪਟਨਾ ਸਾਹਿਬ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੈ, ਸਿੱਖ ਪੰਥ ਦਾ ਪਵਿੱਤਰ ਅਤੇ ਸਤਿਕਾਰਯੋਗ ਤਖ਼ਤ ਹੈ।

ਇਸ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਗਜੋਤ ਸਿੰਘ ਅਤੇ ਜਨਰਲ ਸਕੱਤਰ ਸਰਦਾਰ ਇੰਦਰਜੀਤ ਸਿੰਘ ਨੇ 12 ਜੁਲਾਈ 2025 ਨੂੰ ਇੱਕ ਪੱਤਰ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਪਟਨਾ ਸਾਹਿਬ ਨਾਲ ਸਬੰਧਤ ਪੁਰਾਣੇ ਫੈਸਲਿਆਂ ’ਤੇ ਮੁੜ ਵਿਚਾਰ ਕੀਤਾ ਜਾਵੇ। ਇਸ ਬੇਨਤੀ ਨੂੰ ਸਵਿਕਾਰ ਕਰਦਿਆਂ, ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਿੱਖ ਪੰਥ ਦੀ ਏਕਤਾ, ਸੰਗਤ ਦੀਆਂ ਭਾਵਨਾਵਾਂ ਅਤੇ ਦੋਹਾਂ ਤਖਤਾਂ ਦੇ ਮਾਣ-ਸਨਮਾਨ ਨੂੰ ਮੁੱਖ ਰੱਖਦਿਆਂ ਕਈ ਅਹਿਮ ਫੈਸਲੇ ਲਏ।

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਐਲਾਨ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਚਕਾਰ ਚੱਲ ਰਿਹਾ ਵਿਵਾਦ ਪੂਰੀ ਤਰ੍ਹਾਂ ਸੁਲਝ ਗਿਆ ਹੈ। ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਆਪਣੇ ਤਨਖਾਹੀਏ ਵਾਲੇ ਮਤੇ ਵਾਪਸ ਲੈ ਲਏ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਮੰਨਦਿਆਂ ਖਿਮਾ ਮੰਗੀ ਹੈ।

ਇਸ ਖਿਮਾ ਨੂੰ ਪ੍ਰਵਾਨ ਕਰਦਿਆਂ, ਸ੍ਰੀ ਅਕਾਲ ਤਖ਼ਤ ਸਾਹਿਬ ਨੇ 21 ਮਈ 2025 ਦੇ ਮਤਾ ਨੰਬਰ 3 ਨੂੰ ਰੱਦ ਕਰ ਦਿੱਤਾ, ਜਿਸ ਅਧੀਨ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਭਾਈ ਬਲਦੇਵ ਸਿੰਘ ਅਤੇ ਐਡੀਸ਼ਨਲ ਹੈਡ ਗ੍ਰੰਥੀ ਭਾਈ ਗੁਰਦਿਆਲ ਸਿੰਘ ਦੀਆਂ ਪੰਥਕ ਸੇਵਾਵਾਂ ’ਤੇ ਲੱਗੀ ਰੋਕ ਨੂੰ ਹਟਾ ਦਿੱਤਾ ਗਿਆ।

ਇਸ ਦੇ ਨਾਲ ਹੀ ਉਨ੍ਹਾਂ ਨੇ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਪ੍ਰਬੰਧਕ ਕਮੇਟੀ ਵਿਰੁੱਧ ਅਦਾਲਤ ਵਿੱਚ ਦਾਇਰ ਕੀਤਾ ਮੁਕੱਦਮਾ ਵਾਪਸ ਲੈਣ। ਗਿਆਨੀ ਕੁਲਦੀਪ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਜਥੇਦਾਰ ਦੀ ਸਤਿਕਾਰਤ ਪਦਵੀ ਨੂੰ ਧਿਆਨ ਵਿੱਚ ਰੱਖਦਿਆਂ ਅਦਾਲਤੀ ਕਾਰਵਾਈਆਂ ਵਿੱਚ ਸ਼ਾਮਲ ਹੋਣਾ ਸਿੱਖ ਸੰਗਤ ਦੀ ਗੁਰੂ ਘਰ ਪ੍ਰਤੀ ਸ਼ਰਧਾ ਅਤੇ ਆਸਥਾ ਨੂੰ ਠੇਸ ਪਹੁੰਚਾ ਸਕਦਾ ਹੈ।

ਉਨ੍ਹਾਂ ਨੇ ਆਸ ਪ੍ਰਗਟਾਈ ਕਿ ਗਿਆਨੀ ਰਣਜੀਤ ਸਿੰਘ ਇਸ ਮਸਲੇ ’ਤੇ ਸੁਹਿਰਦਤਾ ਨਾਲ ਵਿਚਾਰ ਕਰਨਗੇ। ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਵੀ ਆਦੇਸ਼ ਦਿੱਤਾ ਗਿਆ ਕਿ ਉਹ ਗਿਆਨੀ ਰਣਜੀਤ ਸਿੰਘ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਦਾ ਬਕਾਇਆ ਸੇਵਾ ਫੰਡ ਨਿਯਮਾਂ ਅਨੁਸਾਰ ਅਦਾ ਕਰੇ। ਨਾਲ ਹੀ, ਗਿਆਨੀ ਰਣਜੀਤ ਸਿੰਘ ਸਮੇਤ ਸਾਰੀਆਂ ਸਬੰਧਤ ਸ਼ਖਸੀਅਤਾਂ ਨੂੰ ਮੀਡੀਆ ਜਾਂ ਸੋਸ਼ਲ ਮੀਡੀਆ ’ਤੇ ਵਿਵਾਦ ਸਬੰਧੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਦੀ ਸਖ਼ਤ ਹਦਾਇਤ ਕੀਤੀ ਗਈ।

ਇਸ ਤੋਂ ਇਲਾਵਾ, 5 ਜੁਲਾਈ 2025 ਦੇ ਮਤਾ ਨੰਬਰ 1 ਦੇ ਸੰਦਰਭ ਵਿੱਚ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਖਿਮਾ ਯਾਚਨਾ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਵੀਕਾਰ ਕਰ ਲਿਆ ਅਤੇ ਸਬੰਧਤ ਮਤੇ ਨੂੰ ਵਾਪਸ ਲੈ ਲਿਆ। ਇਹ ਸਾਰੇ ਫੈਸਲੇ ਸਿੱਖ ਪੰਥ ਦੀ ਏਕਤਾ, ਤਖਤਾਂ ਦੇ ਮਾਣ-ਸਨਮਾਨ ਅਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਲਏ ਗਏ

ਗਿਆਨੀ ਕੁਲਦੀਪ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਸਬੰਧਤ ਧਿਰਾਂ ਨੂੰ ਸਹਿਯੋਗ ਅਤੇ ਸੁਹਿਰਦਤਾ ਨਾਲ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ, ਤਾਂ ਜੋ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਬਰਕਰਾਰ ਰਹੇ।

ਇਹ ਫੈਸਲੇ ਪੰਥਕ ਏਕਤਾ ਨੂੰ ਮਜ਼ਬੂਤ ਕਰਨ ਅਤੇ ਸਿੱਖ ਸੰਗਤ ਦੀ ਗੁਰੂ ਘਰ ਪ੍ਰਤੀ ਸ਼ਰਧਾ ਨੂੰ ਕਾਇਮ ਰੱਖਣ ਦੇ ਉਦੇਸ਼ ਨਾਲ ਲਏ ਗਏ ਹਨ। ਇਸ ਇਕੱਤਰਤਾ ਵਿੱਚ ਲਏ ਗਏ ਫੈਸਲਿਆਂ ਨੇ ਸਿੱਖ ਪੰਥ ਦੀ ਏਕਤਾ ਅਤੇ ਤਖਤਾਂ ਦੀ ਸਰਵਉੱਚਤਾ ਨੂੰ ਮੁੜ ਸਥਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪਟਨਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਗਿਆਨੀ ਰਣਜੀਤ ਸਿੰਘ ਨੂੰ ਸੁਹਿਰਦਤਾ ਨਾਲ ਗੱਲਬਾਤ ਕਰਕੇ ਸਾਰੇ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਪੰਥਕ ਮਰਯਾਦਾ ਅਤੇ ਸਿੱਖ ਸਿਧਾਂਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ।