India

1 ਕਰੋੜ ਦੀ ਲੁੱਟ ਦੇ ਮਾਮਲੇ ’ਚ ਬਰਖ਼ਾਸਤ ਸਬ-ਇੰਸਪੈਕਟਰ ਪਹੁੰਚਿਆ ਹਾਈਕੋਰਟ! ਕਿਹਾ – “ਕਈ ਅਫ਼ਸਰਾਂ ਦੇ ਖੋਲ੍ਹਾਂਗਾ ਰਾਜ਼!”

ਚੰਡੀਗੜ੍ਹ ਵਿੱਚ 1 ਕਰੋੜ ਦੀ ਲੁੱਟ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸੈਕਟਰ 39 ਥਾਣੇ ਦੇ ਐਡੀਸ਼ਨਲ ਸਬ ਇੰਸਪੈਕਟਰ ਨਵੀਨ ਫੋਗਾਟ (Naveen Phogat) ਨੇ ਧਾਰਾ 482 ਦੇ ਤਹਿਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਦੇ ਹੋਏ ਕਿਹਾ ਹੈ ਕਿ ਉਸ ਕੋਲ ਅਫ਼ਸਰਾਂ ਦੇ ਕਈ ਡੂੰਘੇ ਰਾਜ਼ ਹਨ, ਜਿਨ੍ਹਾਂ ਨੂੰ ਉਹ ਲੋਕਾਂ ਸਾਹਮਣੇ ਲਿਆਉਣਾ ਚਾਹੁੰਦਾ ਹੈ।

ਉਸ ਨੇ ਕਿਹਾ ਹੈ ਕਿ ਥਾਣੇ ਦੇ ਅਧਿਕਾਰੀਆਂ ਨੇ ਉਸ ਨੂੰ ਕੁਝ ਕਾਗਜ਼ੀ ਐਂਟਰੀਆਂ ਡਿਲੀਟ ਕਰਨ ਲਈ ਕਿਹਾ ਸੀ, ਜਿਸ ਨੂੰ ਉਸਨੇ ਨਹੀਂ ਮੰਨਿਆ ਤੇ ਉਸ ਨੂੰ ਝੂਠੇ ਕੇਸ ਵਿੱਚ ਫਸਾ ਦਿੱਤਾ ਗਿਆ। ਉਸ ਨੇ ਉਸਦੇ ਖ਼ਿਲਾਫ਼ ਦਰਜ ਸਾਰੇ ਕੇਸਾਂ ਦੀ ਮੁੜ ਤੋਂ ਜਾਂਚ ਦੀ ਮੰਗ ਕਰਨ ਦੇ ਨਾਲ-ਨਾਲ ਅਫ਼ਸਰਾਂ ਦੇ ਭੇਤ ਖੋਲ੍ਹਣ ਦੀ ਗੱਲ ਕਹੀ ਹੈ।

ਨਵੀਨ ਫੋਗਾਟ ਨੇ ਹਾਈਕੋਰਟ ‘ਚ ਦਾਇਰ ਕੀਤੀ ਪਟੀਸ਼ਨ

ਐਡੀਸ਼ਨ ਸਬ-ਇੰਸਪੈਕਟਰ ਨਵੀਨ ਫੋਗਾਟ ਨੇ ਸਵਾਲ ਕੀਤਾ ਹੈ ਕਿ ਜਦੋਂ 2000 ਰੁਪਏ ਦੇ ਨੋਟਾਂ ‘ਤੇ ਪਾਬੰਦੀ ਸੀ ਤਾਂ ਸ਼ਿਕਾਇਤਕਰਤਾਵਾਂ ਕੋਲ ਇੰਨੀ ਨਕਦੀ ਕਿੱਥੋਂ ਆਈ। ਸਰੋਤ ਕੀ ਸੀ? ਅਜਿਹੀ ਕਾਹਦੀ ਕਾਹਲੀ ਸੀ? ਧਾਰਾ 482 ਤਹਿਤ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਉਸ ਕੋਲ ਅਫ਼ਸਰਾਂ ਦੇ ਕਈ ਡੂੰਘੇ ਰਾਜ਼ ਹਨ। ਪੁਲਿਸ ਨੇ ਇਸ ਐਂਗਲ ਤੋਂ ਜਾਂਚ ਕਿਉਂ ਨਹੀਂ ਕੀਤੀ, ਉਸ ਨੇ ਕਿਹਾ ਹੈ ਕਿ ਉਸ ਦੇ ਅੰਦਰ ਕਈ ਰਾਜ਼ ਦੱਬੇ ਹੋਏ ਹਨ, ਜਿਨ੍ਹਾਂ ਦਾ ਉਹ ਖ਼ੁਲਾਸਾ ਕਰ ਸਕਦਾ ਹੈ।

ਨਵੀਨ ਫੋਗਾਟ ਨੇ ਇਕ ਦੋਸ਼ੀ ਦੇ ਨਾ ਫੜੇ ਜਾਣ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਸਨੇ ਕਿਹਾ ਹੈ ਕਿ ਪੁਲਿਸ ਹਿਰਾਸਤ ਵਿੱਚ ਉਸਦੀ ਕੁੱਟਮਾਰ ਕੀਤੀ ਗਈ ਅਤੇ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਉਸਦਾ ਮੈਡੀਕਲ ਇਲਾਜ ਵਿੱਚ ਦੇਰੀ ਹੋਈ। ਇਸ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਸੀਨੀਅਰ ਸਟੈਂਡਿੰਗ ਕੌਂਸਲ ਰਾਹੀਂ ਮਾਮਲੇ ਦੇ ਡੀਜੀਪੀ, ਐਸਐਸਪੀ ਅਤੇ ਜਾਂਚ ਅਧਿਕਾਰੀ ਨੂੰ ਨੋਟਿਸ ਜਾਰੀ ਕਰਕੇ 25 ਜੁਲਾਈ ਨੂੰ ਨਵੀਨ ਫੋਗਾਟ ਦੇ ਦੋਸ਼ਾਂ ‘ਤੇ ਜਵਾਬ ਦੇਣ ਲਈ ਕਿਹਾ ਹੈ।

25 ਅਗਸਤ ਨੂੰ ਹੋਵੇਗੀ ਸੁਣਵਾਈ

ਇਸ ਮਾਮਲੇ ਦੀ ਅਗਲੀ ਸੁਣਵਾਈ 25 ਅਗਸਤ ਨੂੰ ਜੱਜ ਮੰਜਰੀ ਨਹਿਰੂ ਕੌਲ ਦੀ ਅਦਾਲਤ ਵਿੱਚ ਹੋਵੇਗੀ। ਹੁਣ ਤੱਕ ਇਸ ਮਾਮਲੇ ਵਿੱਚ ਮੁਲਜ਼ਮ ਪ੍ਰਵੀਨ ਸ਼ਾਹ ਨੂੰ ਛੱਡ ਕੇ ਬਾਕੀ ਸਾਰੇ ਮੁਲਜ਼ਮ ਫੜੇ ਜਾ ਚੁੱਕੇ ਹਨ, ਜਦੋਂਕਿ ਲੁੱਟ ਦੇ 25 ਲੱਖ ਰੁਪਏ ਅੱਜ ਤੱਕ ਬਰਾਮਦ ਨਹੀਂ ਹੋਏ। ਮਾਮਲਾ ਪਿਛਲੇ ਸਾਲ 6 ਅਗਸਤ ਦਾ ਹੈ। ਜਦੋਂ ਨਵੀਨ ਫੋਗਾਟ ਥਾਣਾ ਸੈਕਟਰ 39 ਦੇ ਐਡੀਸ਼ਨਲ ਐੱਸ.ਐੱਚ.ਓ. ਹੁੰਦੇ ਸਨ। ਇਸ ਤੋਂ ਬਾਅਦ ਐਸਐਸਪੀ ਕੰਵਰਦੀਪ ਕੌਰ ਨੇ ਨਵੀਨ ਨੂੰ ਫੋਰਸ ਤੋਂ ਬਰਖਾਸਤ ਕਰ ਦਿੱਤਾ, ਜਿਸ ਤੋਂ ਬਾਅਦ ਉਹ ਜੇਲ੍ਹ ਵਿੱਚ ਹੈ।

ਕੀ ਹੈ ਪੂਰਾ ਮਾਮਲਾ

6 ਅਗਸਤ ਨੂੰ ਥਾਣਾ ਸੈਕਟਰ 39 ਦੇ ਐਡੀਸ਼ਨਲ ਐੱਸਐੱਚਓ ਨਵੀਨ ਫੋਗਾਟ ਸਮੇਤ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸ ਵਿੱਚ ਪ੍ਰਵੀਨ ਸ਼ਾਹ, ਉਸਦਾ ਪੀਐਸਓ ਅਤੇ ਕਾਂਸਟੇਬਲ ਵਰਿੰਦਰ ਸ਼ਾਮਲ ਸਨ। ਇਲਜ਼ਾਮ ਸੀ ਕਿ ਬਠਿੰਡਾ ਦੇ ਇੱਕ ਵਪਾਰੀ ਨੂੰ ਕਰੰਸੀ ਐਕਸਚੇਂਜ ਦੇ ਨਾਂ ‘ਤੇ ਲੁੱਟਿਆ ਗਿਆ। ਉਸ ਨੂੰ ਸੈਕਟਰ 40 ਨੋਟ ਬਦਲਣ ਲਈ ਬੁਲਾਇਆ ਗਿਆ ਸੀ।

ਜਦੋਂ ਉਹ ਇੱਥੇ ਆਇਆ ਤਾਂ ਐਡੀਸ਼ਨਲ ਐੱਸਐੱਚਓ ਨਵੀਨ ਫੋਗਾਟ ਨੇ ਬਾਜ਼ਾਰ ਦੇ ਬਾਹਰ ਉਸ ਕੋਲੋਂ ਪੈਸੇ ਖੋਹ ਲਏ ਅਤੇ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦੇ ਡਰੋਂ ਭਜਾ ਦਿੱਤਾ। ਬਾਅਦ ਵਿੱਚ ਉਸ ਨੇ ਆਪਣੇ ਜਾਣ-ਪਛਾਣ ਵਾਲਿਆਂ ਰਾਹੀਂ ਪੁਲਿਸ ਨੂੰ ਸ਼ਿਕਾਇਤ ਕੀਤੀ। ਮਾਮਲਾ ਐਸਐਸਪੀ ਕੰਵਰਦੀਪ ਕੌਰ ਦੇ ਧਿਆਨ ਵਿੱਚ ਆਉਂਦੇ ਹੀ ਤੁਰੰਤ ਮਾਮਲਾ ਦਰਜ ਕਰ ਲਿਆ ਗਿਆ।

ਇਹ ਵੀ ਪੜ੍ਹੋ – CM ਮਾਨ ਅੱਜ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੌਂਪਣਗੇ 1-1 ਕਰੋੜ ਦੇ ਚੈੱਕ, ਘੱਗਰ ਨੇੜਲੇ ਇਲਾਕਿਆਂ ਦਾ ਲੈਣਗੇ ਜਾਇਜ਼ਾ