Punjab

ਬਰਖ਼ਾਸਤ ਕਾਂਸਟੇਬਲ ਅਮਨਦੀਪ ਕੌਰ ਵਿਜੀਲੈਂਸ ਦੇ ਸ਼ਿਕੰਜੇ ‘ਚ

ਬਠਿੰਡਾ ਪੁਲਿਸ ਲਾਈਨ ਵਿੱਚ ਤਾਇਨਾਤ ਸਾਬਕਾ ਲੇਡੀ ਕਾਂਸਟੇਬਲ ਅਮਨਦੀਪ ਕੌਰ, ਜਿਸ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਬਰਖਾਸਤ ਕੀਤਾ ਗਿਆ ਸੀ, ਹੁਣ ਵਿਜੀਲੈਂਸ ਦੇ ਨਿਸ਼ਾਨੇ ‘ਤੇ ਹੈ। ਵਿਜੀਲੈਂਸ ਟੀਮ ਅਮਨਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਤੋਂ ਬਾਅਦ ਹੁਣ ਵਿਜੀਲੈਂਸ ਵੱਲੋਂ  ਬਰਖਾਸਤ ਅਮਨਦੀਪ ਤੋਂ ਪੁੱਛਗਿੱਛ ਕੀਤਾ ਜਾਵੇਗੀ।

ਉਸ ‘ਤੇ ਆਮਦਨ ਤੋਂ ਵੱਧ ਜਾਇਦਾਦ ਅਤੇ ਸੰਭਾਵੀ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਹਨ। ਉਹ ਇਸ ਸਮੇਂ ਨਸ਼ਿਆਂ ਦੇ ਮਾਮਲੇ ਵਿੱਚ ਜ਼ਮਾਨਤ ‘ਤੇ ਬਾਹਰ ਸੀ। ਅਮਨਦੀਪ ਕੌਰ ਨੂੰ ਹਾਲ ਹੀ ਵਿੱਚ ਨਸ਼ਿਆਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਸੀ। ਉਹ ਆਪਣੀ ਲਗਜ਼ਰੀ ਜੀਵਨ ਸ਼ੈਲੀ, ਰੋਲੈਕਸ ਘੜੀ, ਥਾਰ ਐਸਯੂਵੀ ਅਤੇ ਮਹਿੰਗੇ ਘਰ ਲਈ ਸੋਸ਼ਲ ਮੀਡੀਆ ਅਤੇ ਮੀਡੀਆ ‘ਤੇ ਲਗਾਤਾਰ ਸੁਰਖੀਆਂ ਵਿੱਚ ਰਹੀ।

ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ, ਅਮਨਦੀਪ ਨੇ ਦਾਅਵਾ ਕੀਤਾ ਸੀ ਕਿ ਉਸਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ ਅਤੇ ਉਹ ਬੇਕਸੂਰ ਹੈ। ਪਰ ਵਿਜੀਲੈਂਸ ਵਿਭਾਗ ਨੂੰ ਉਸਦੇ ਵਿਰੁੱਧ ਕਈ ਸ਼ੱਕੀ ਵਿੱਤੀ ਲੈਣ-ਦੇਣ ਅਤੇ ਬੇਹਿਸਾਬ ਜਾਇਦਾਦਾਂ ਦੇ ਇਨਪੁਟ ਮਿਲੇ ਸਨ।

ਆਮਦਨ ਤੋਂ ਵੱਧ ਖਰਚ

ਵਿਜੀਲੈਂਸ ਰਿਕਾਰਡਾਂ ਅਨੁਸਾਰ, ਕੁਝ ਸਾਲਾਂ ਵਿੱਚ ਉਸਦੀ ਆਮਦਨ 1.08 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਪਰ ਜਦੋਂ ਵਿਜੀਲੈਂਸ ਨੇ ਹਿਸਾਬ ਲਗਾਉਣਾ ਸ਼ੁਰੂ ਕੀਤਾ ਤਾਂ ਖਰਚਾ 1.39 ਕਰੋੜ ਰੁਪਏ ਨਿਕਲਿਆ। ਜਾਣਕਾਰੀ ਅਨੁਸਾਰ, ਅਮਨਦੀਪ ਕੌਰ ਨੂੰ ਅੱਜ ਆਮ ਪੁੱਛਗਿੱਛ ਦੇ ਬਹਾਨੇ ਬੁਲਾਇਆ ਗਿਆ ਸੀ। ਪਰ ਜਦੋਂ ਉਹ ਪਹੁੰਚੀ ਤਾਂ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਉਸਨੂੰ ਅੱਜ ਦੇਰ ਸ਼ਾਮ ਜਾਂ ਕੱਲ੍ਹ ਸਵੇਰੇ ਅਦਾਲਤ ਵਿੱਚ ਪੇਸ਼ ਕਰ ਸਕਦੀ ਹੈ ਅਤੇ ਰਿਮਾਂਡ ਪ੍ਰਾਪਤ ਕਰ ਸਕਦੀ ਹੈ।

ਵਿਜੀਲੈਂਸ ਨੂੰ ਅਮਨਦੀਪ ਦੀ ਆਮਦਨ ਦਾ ਰਿਕਾਰਡ ਪ੍ਰਾਪਤ ਕਰਨਾ ਹੈ। ਵਿਜੀਲੈਂਸ ਜਾਣਨਾ ਚਾਹੁੰਦੀ ਹੈ ਕਿ ਇੱਕ ਕਾਂਸਟੇਬਲ ਦੀ ਆਮਦਨ ਨਾਲ ਇੰਨੀ ਲਗਜ਼ਰੀ ਕਿਵੇਂ ਸੰਭਵ ਹੋਈ। ਜਾਂਚ ਵਿੱਚ ਅਮਨਦੀਪ ਕੌਰ ਦੀਆਂ ਜਾਇਦਾਦਾਂ, ਬੈਂਕ ਖਾਤਿਆਂ ਅਤੇ ਕਥਿਤ ਸਬੰਧਾਂ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

ਅਮਨਦੀਪ ਦੇ ਇੱਕ ਸਾਥੀ ਬਲਵਿੰਦਰ ਸਿੰਘ ਵੀ ਮਾਮਲੇ ਵਿੱਚ ਸ਼ਾਮਲ ਸੀ, ਪਰ ਉਸ ਕੋਲੋਂ ਵੀ ਕੁਝ ਨਹੀਂ ਮਿਲਿਆ, ਜਿਸ ਤੋਂ ਬਾਅਦ ਅਦਾਲਤ ਨੇ ਅਮਨਦੀਪ ਨੂੰ ਜੇਲ੍ਹ ਭੇਜ ਦਿੱਤਾ। ਵੀਰਵਾਰ ਨੂੰ ਬਠਿੰਡਾ ਅਦਾਲਤ ਵਿੱਚ ਵਕੀਲਾਂ ਦੀ ਬਹਿਸ ਤੋਂ ਬਾਅਦ ਅਮਨਦੀਪ ਨੂੰ ਜ਼ਮਾਨਤ ਮਿਲੀ ਸੀ।

ਅਮਨਦੀਪ ਕੌਲ ਬਠਿੰਡਾ ਵਿਚ ਆਲੀਸ਼ਾਨ ਕੋਠੀ ਤੋਂ ਇਲਾਵਾ ਮਹਿੰਗੀਆਂ-ਮਹਿੰਗੀਆਂ ਗੱਡੀਆਂ ਤੇ ਘੜੀਆਂ ਆਦਿ ਹੋਣ ਦੀਆਂ ਖ਼ਬਰਾਂ ਚਲਦੀਆਂ ਰਹੀਆਂ। ਜਿਸਦੀ ਸੂਹ ਵਿਜੀਲੈਂਸ ਨੂੰ ਵੀ ਪੈ ਗਈ। ਇਸ ਦੀ ਜਾਂਚ ਲਈ ਹੁਣ ਵਿਜੀਲੈਂਸ ਨੇ ਅਮਨਦੀਪ ਕੌਰ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਤੇ ਜਾਂਚ ਕਰ ਰਹੀ ਹੈ ਕਿ ਉਸ ਕੋਲ ਵਸੀਲਿਆਂ ਤੋਂ ਵੱਧ ਜਾਇਦਾਦ ਕਿਵੇਂ ਆ ਗਈ। ਇਸ ਜਾਂਚ ਤੋਂ ਕੀ ਨਿਕਲਦਾ ਹੈ, ਇਹ ਅਜੇ ਦੇਖਣਾ ਬਾਕੀ ਹੈ ਪਰ ਇੱਕ ਵਾਰ ਫਿਰ, ਅਮਨਦੀਪ ਕੌਰ ਕਾਨੂੰਨ ਦੇ ਸ਼ਿਕੰਜੇ ਵਿੱਚ ਆ ਗਈ ਹੈ।

ਇਹ ਸਾਰਾ ਮਾਮਲਾ

ਜਿਕਰਯੋਗ ਹੈ ਕਿ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਗਾਣਿਆਂ ‘ਤੇ ਲਗਾਤਾਰ ਰੀਲਾਂ ਪਾਉਣ ਕਾਰਨ ‘insta queen’ ਵਜੋਂ ਜਾਣੇ ਜਾਂਦੀ ਬਰਖਾਸਤ ਮਹਿਲਾ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਨੂੰ 2 ਅਪ੍ਰੈਲ ਨੂੰ ਐਂਟੀ ਨਾਰਕੋਟਿਕਸ ਟਾਸਕ ਫੋਰਸ ਅਤੇ ਬਠਿੰਡਾ ਪੁਲਿਸ ਨੇ ਬਾਦਲ ਰੋਡ ‘ਤੇ ਗ੍ਰਿਫਤਾਰ ਕੀਤਾ, ਜਦੋਂ ਉਹ ਆਪਣੀ ਥਾਰ ਗੱਡੀ ਵਿੱਚ ਹੈਰੋਇਨ ਸਪਲਾਈ ਕਰਨ ਜਾ ਰਹੀ ਸੀ। ਪੁਲਿਸ ਨੇ ਗੱਡੀ ਦੇ ਗੀਅਰ ਬਾਕਸ ਵਿੱਚੋਂ 17.71 ਗ੍ਰਾਮ ਹੈਰੋਇਨ ਬਰਾਮਦ ਕੀਤੀ। ਐਫਆਈਆਰ ਮੁਤਾਬਕ, ਅਮਨਦੀਪ ਨੇ ਚੈੱਕਪੋਸਟ ‘ਤੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਪਿੱਛਾ ਕਰਕੇ ਉਸ ਨੂੰ ਫੜ ਲਿਆ। ਅਮਨਦੀਪ, ਜੋ ਇੰਸਟਾਗ੍ਰਾਮ ‘ਤੇ ਰੀਲਾਂ ਪੋਸਟ ਕਰਨ ਦੀ ਸ਼ੌਕੀਨ ਸੀ, ਹੁਣ ਵਿਜੀਲੈਂਸ ਦੀ ਜਾਂਚ ਦਾ ਸਾਹਮਣਾ ਕਰੇਗੀ।