‘ਦ ਖ਼ਾਲਸ ਬਿਊਰੋ :- ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਟਵਿੱਟਰ ‘ਤੇ ਟੂਲਕਿੱਟ ਸਾਂਝਾ ਕਰਨ ‘ਤੇ ਗ੍ਰਿਫਤਾਰ ਹੋਈ ਵਾਤਾਵਰਣ ਕਾਰਕੁੰਨ ਦਿਸ਼ਾ ਰਵੀ ਨੇ ਪਿਛਲੇ ਮਹੀਨੇ ਜ਼ਮਾਨਤ ’ਤੇ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਆਪਣਾ ਬਿਆਨ ਜਾਰੀ ਕੀਤਾ ਹੈ। ਦਿਸ਼ਾ ਰਵੀ ਨੇ ਆਪਣੇ ਟਵਿੱਟਰ ਹੈਂਡਲ ਉੱਪਰ ਚਾਰ ਪੰਨਿਆਂ ਦਾ ਇੱਕ ਪੋਸਟ ਸਾਂਝਾ ਕੀਤਾ, ਜਿਸ ਵਿੱਚ ਦਿਸ਼ਾ ਰਵੀ ਨੇ ਮੀਡੀਆ ਦੀ ਆਲੋਚਨਾ ਕਰਦਿਆਂ ਕਿਹਾ ਕਿ ਟੀਆਰਪੀ ਲਈ ਟੀਵੀ ਨੇ ਉਸਨੂੰ ਮੁਲਜ਼ਮ ਬਣਾ ਦਿੱਤਾ ਹੈ। ਇਸਦੇ ਨਾਲ ਹੀ ਦਿਸ਼ਾ ਰਵੀ ਨੇ ਉਸਦਾ ਸਾਥ ਦੇਣ ਵਾਲਿਆਂ ਦਾ ਧੰਨਵਾਦ ਵੀ ਕੀਤਾ।
ਦਿਸ਼ਾ ਰਵੀ ਨੇ ਕਿਹਾ ਕਿ, “ਸਭ ਕੁੱਝ ਜੋ ਸੱਚ ਹੈ, ਸੱਚ ਤੋਂ ਬਹੁਤ ਦੂਰ ਲੱਗਦਾ ਹੈ, ਜਿਵੇਂ; ਦਿੱਲੀ ਦਾ ਸਮੋਗ, ਪਟਿਆਲਾ ਹਾਊਸ ਕੋਰਟ, ਦੀਨ ਦਇਆਲ ਹਸਪਤਾਲ ਅਤੇ ਤਿਹਾੜ ਜੇਲ੍ਹ। ਜੇ ਕਿਸੇ ਨੇ ਮੈਨੂੰ ਪੁੱਛਿਆ ਹੁੰਦਾ ਕਿ ਅਗਲੇ ਪੰਜ ਸਾਲਾਂ ਵਿੱਚ ਉਹ ਖ਼ੁਦ ਨੂੰ ਕਿੱਥੇ ਦੇਖਦੇ ਹਨ ਤਾਂ ਇਸ ਦਾ ਜਵਾਬ ਜੇਲ੍ਹ ਤਾਂ ਬਿਲਕੁਲ ਨਹੀਂ ਹੋਣਾ ਸੀ, ਪਰ ਮੈਂ ਹਾਲੇ ਵੀ ਇੱਥੇ ਹਾਂ। ਮੈਂ ਖ਼ੁਦ ਨੂੰ ਪੁੱਛਦੀ ਰਹੀ ਹਾਂ ਕਿ ਉਸ ਸਮੇਂ ਉੱਥੇ ਹੋਣਾ ਕਿਹੋ-ਜਿਹਾ ਲੱਗ ਰਿਹਾ ਸੀ ਪਰ ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਮੈਨੂੰ ਲੱਗ ਰਿਹਾ ਸੀ ਕਿ ਸਿਰਫ਼ ਇੱਕ ਹੀ ਤਰੀਕਾ ਹੈ, ਜਿਸ ਨਾਲ ਮੈਂ ਇਸਦਾ ਸਾਹਮਣਾ ਕਰ ਸਕਦੀ ਹਾਂ। ਉਹ ਤਰੀਕਾ ਹੈ ਕਿ ਮੈਂ ਖ਼ੁਦ ਨੂੰ ਇਹ ਸਮਝਾ ਲਵਾਂ ਕਿ ਇਹ ਸਭ ਮੇਰੇ ਨਾਲ ਨਹੀਂ ਹੋ ਰਿਹਾ। ਪੁਲਿਸ 13 ਫ਼ਰਵਰੀ, 2021 ਨੂੰ ਮੇਰੇ ਦਰਵਾਜ਼ੇ ‘ਤੇ ਨਹੀਂ ਆਈ ਸੀ, ਉਨ੍ਹਾਂ ਨੇ ਮੇਰਾ ਫ਼ੋਨ ਨਹੀਂ ਲਿਆ ਸੀ, ਮੈਨੂੰ ਗ੍ਰਿਫ਼ਤਾਰ ਨਹੀਂ ਕੀਤਾ ਸੀ, ਉਹ ਮੈਨੂੰ ਪਟਿਆਲਾ ਹਾਊਸ ਕੋਰਟ ਲੈ ਕੇ ਨਹੀਂ ਗਏ ਸਨ, ਮੀਡੀਆ ਵਾਲੇ ਆਪਣੇ ਲਈ ਉਸ ਕਮਰੇ ਵਿੱਚ ਥਾਂ ਨਹੀਂ ਤਲਾਸ਼ ਰਹੇ ਸਨ।”
ਦਿਸ਼ਾ ਰਵੀ ਨੇ ਕਿਹਾ ਕਿ,”ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਮੇਰੇ ਹੱਕਾਂ ਦਾ ਘਾਣ ਹੋਇਆ, ਮੇਰੀਆਂ ਤਸਵੀਰਾਂ ਪੂਰੇ ਮੀਡੀਆ ਵਿੱਚ ਫੈਲਾਈਆਂ ਗਈਆਂ, ਮੈਨੂੰ ਮੁਲਜ਼ਮ ਕਰਾਰ ਦੇ ਦਿੱਤਾ ਗਿਆ; ਅਦਾਲਤ ਵੱਲੋਂ ਨਹੀਂ, ਟੀਆਰਪੀ ਦੀ ਚਾਹ ਰੱਖਣ ਵਾਲੀ ਟੀਵੀ ਸਕਰੀਨ ਨੇ ਮੈਨੂੰ ਮੁਲਜ਼ਮ ਕਰਾਰ ਦਿੱਤਾ। ਮੈਂ ਉੱਥੇ ਇਸ ਗੱਲ ਤੋਂ ਅਨਜਾਣ ਬੈਠੀ ਰਹੀ ਕਿ ਉਨ੍ਹਾਂ ਦੇ ਵਿਚਾਰਾਂ ਦੇ ਹਿਸਾਬ ਨਾਲ ਮੇਰੇ ਬਾਰੇ ਕਾਲਪਨਿਕ ਗੱਲਾਂ ਘੜੀਆਂ ਗਈਆਂ ਹਨ।”
ਦਿਸ਼ਾ ਰਵੀ ਨੇ ਜੇਲ੍ਹ ਦੇ ਅੰਦਰ ਦਾ ਹਾਲ ਸੁਣਾਉਂਦਿਆਂ ਕਿਹਾ ਕਿ ‘ਅਖੀਰਲੇ ਪੰਜ ਦਿਨਾਂ ਵਿੱਚ ਭਾਵ 19 ਫਰਵਰੀ ਨੂੰ ਮੈਨੂੰ 3 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ। ਮੈਂ ਹਰੇਕ ਸਕਿੰਟ, ਹਰੇਕ ਮਿੰਟ, ਹਰੇਕ ਘੰਟੇ, ਹਰੇਕ ਦਿਨ ਬਾਰੇ ਚੰਗੀ ਤਰ੍ਹਾਂ ਜਾਣੂ ਹਾਂ’। ਮਨੁੱਖਤਾ ਅਤੇ ਵਾਤਾਵਰਣ ਦੀ ਤੁਲਨਾ ਕਰਦਿਆਂ ਦਿਸ਼ਾ ਰਵੀ ਨੇ ਲਿਖਿਆ ਕਿ, “ਕਦੇ ਨਾ ਖ਼ਤਮ ਹੋਣ ਵਾਲੇ ਇਸ ਲਾਲਚ ਅਤੇ ਉਪਭੋਗ ਦੇ ਖ਼ਿਲਾਫ਼ ਜੇ ਅਸੀਂ ਸਮੇਂ ਸਿਰ ਕਦਮ ਨਾ ਚੁੱਕਿਆ ਤਾਂ ਅਸੀਂ ਵਿਨਾਸ਼ ਦੇ ਨੇੜੇ ਜਾ ਰਹੇ ਹਾਂ’।
ਉਨ੍ਹਾਂ ਨੇ ਇਸ ਦੌਰਾਨ ਆਪਣੇ ਨਾਲ ਖੜ੍ਹੇ ਲੋਕਾਂ ਦਾ ਧੰਨਵਾਦ ਵੀ ਕੀਤਾ। ਦਿਸ਼ਾ ਰਵੀ ਨੇ ਕਿਹਾ ਕਿ, “ਮੈਂ ਖ਼ੁਸ਼ਕਿਸਮਤ ਸੀ ਕਿ ਮੈਨੂੰ ਪ੍ਰੋ-ਬੋਨੋ (ਲੋਕ-ਹਿੱਤ) ਕਾਨੂੰਨੀ ਸਹਾਇਤਾ ਮਿਲੀ ਪਰ ਉਨ੍ਹਾਂ ਦਾ ਕੀ ਜਿਨ੍ਹਾਂ ਨੂੰ ਇਹ ਨਹੀਂ ਮਿਲਦੀ? ਉਨ੍ਹਾਂ ਲੋਕਾਂ ਦਾ ਕੀ, ਜਿਨ੍ਹਾਂ ਦੀਆਂ ਕਹਾਣੀਆਂ ਨੂੰ ਵੇਚਿਆ ਨਹੀਂ ਜਾ ਸਕਦਾ? ਉਨ੍ਹਾਂ ਪਿਛੜੇ ਲੋਕਾਂ ਦਾ ਕੀ, ਜੋ ਸਕਰੀਨ ਟਾਈਮ ਦੇ ਲਾਇਕ ਨਹੀਂ ਹਨ? ਵਿਚਾਰ ਨਹੀਂ ਮਰਦੇ ਅਤੇ ਸੱਚ ਭਾਵੇਂ ਜਿੰਨਾ ਮਰਜ਼ੀ ਸਮਾਂ ਲੱਗੇ, ਬਾਹਰ ਆਉਂਦਾ ਹੈ।”
ਦਿਸ਼ਾ ਰਵੀ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 13 ਫ਼ਰਵਰੀ ਨੂੰ ਬੇਂਗਲੂਰੂ ਤੋਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨੂੰ 23 ਫ਼ਰਵਰੀ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਜ਼ਮਾਨਤ ਦਿੱਤੀ ਸੀ। ਦਿੱਲੀ ਪੁਲਿਸ ਨੇ ਦਿਸ਼ਾ ਰਵੀ ਨੂੰ ਦਿੱਲੀ ਦੀ ਇੱਕ ਅਦਾਲਤ ‘ਚ ਪੇਸ਼ ਕਰਦਿਆਂ ਕਿਹਾ ਕਿ ”ਦਿਸ਼ਾ ਰਵੀ ਟੂਲਕਿੱਟ ਗੂਗਲ ਡਾਕੂਮੈਂਟ ਦੀ ਐਡਿਟਰ ਹੈ ਅਤੇ ਇਸ ਡਾਕੂਮੈਂਟ ਨੂੰ ਬਣਾਉਣ ਅਤੇ ਇਸ ਨੂੰ ਪ੍ਰਸਾਰਿਤ ਕਰਨ ਵਿੱਚ ਉਸ ਦੀ ਅਹਿਮ ਭੂਮਿਕਾ ਹੈ।”
ਪੁਲਿਸ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ”ਇਸ ਸਿਲਸਿਲੇ ‘ਚ ਉਸ ਨੇ ਖਾਲਿਸਤਾਨ ਸਮਰਥਕ ‘ਪੌਇਟਿਕ ਜਸਟਿਸ ਫਾਉਂਡੇਸ਼ਨ’ ਦੇ ਨਾਲ ਮਿਲ ਕੇ ਭਾਰਤ ਪ੍ਰਤੀ ਉਦਾਸੀ ਫ਼ੈਲਾਉਣ ਦਾ ਕੰਮ ਕੀਤਾ ਅਤੇ ਉਸ ਨੇ ਹੀ ਗ੍ਰੇਟਾ ਥਨਬਰਗ ਦੇ ਨਾਲ ਇਹ ਟੂਲਕਿੱਟ ਸ਼ੇਅਰ ਕੀਤੀ ਸੀ।” ਦਿਸ਼ਾ ਰਵੀ ‘ਫ੍ਰਾਈਡੇ ਫਾਰ ਫ਼ਿਊਚਰ’ ਨਾਮ ਦੀ ਮੁਹਿੰਮ ਦੀ ਸਹਿ-ਸੰਸਥਾਪਕ ਹਨ।
Comments are closed.