ਚੰਡੀਗੜ੍ਹ : ਅੰਮ੍ਰਿਤਪਾਲ ਸਿੰਘ ਤੇ ਇਸ ਦੇ ਸਾਥੀਆਂ ਨੇ 16 ਤਰੀਕ ਨੂੰ ਦਰਜ ਕੀਤੀ ਐਫਆਈਆਰ ਵਿੱਚ ਗਲਤ ਬੰਦਿਆਂ ਦੇ ਨਾਮ ਦਰਜ ਕੀਤੇ ਜਾਣ ਦਾ ਵਿਰੋਧ ਕੀਤਾ ਸੀ ਤੇ ਇਸ ਦੇ ਵਿਰੁਧ ਸ਼ਾਂਤੀਪੂਰਨ ਢੰਗ ਨਾਲ ਰੋਸ ਕਰਨ ਦੀ ਇਜਾਜ਼ਤ ਲਈ ਸੀ। ਇਹ ਜਾਣਕਾਰੀ ਪੰਜਾਬ ਪੁਲਿਸ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਹੈ।
ਉਹਨਾਂ ਐਸਐਸਪੀ (ਦਿਹਾਤੀ) ਅੰਮ੍ਰਿਤਸਰ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਧਰਨਾ ਸ਼ਾਂਤੀਪੂਰਨ ਰਹੇਗਾ ਤੇ ਜਿਥੇ ਵੀ ਪੁਲਿਸ ਵੱਲੋਂ ਰੋਕਿਆ ਜਾਵੇਗਾ,ਉਥੇ ਜਥਾ ਰੋਕ ਲਿਆ ਜਾਵੇਗਾ। ਪਰ ਪਾਲਕੀ ਸਾਹਿਬ ਦੀ ਆੜ ਵਿੱਚ ਪੁਲਿਸ ‘ਤੇ ਹਮਲਾ ਕੀਤਾ ਗਿਆ,ਜਿਸ ਵਿੱਚ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਹੋਈ ਤੇ ਵੱਟੇ ਰੋੜੇ ਵੀ ਚੱਲੇ।ਇਸ ਦੌਰਾਨ ਪੰਜਾਬ ਪੁਲਿਸ ਦੇ 6 ਮੁਲਾਜ਼ਮ ਜ਼ਖਮੀ ਹੋਏ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਕਾਰਨ ਪੁਲਿਸ ਨੇ ਸੁਝ-ਬੁਝ ਨਾਲ ਕੰਮ ਲਿਆ ਤੇ ਮਰਿਆਦਾ ਨੂੰ ਕਾਇਮ ਰੱਖਿਆ । ਗੁਰੂ ਸਾਹਿਬ ਦਾ ਹਰ ਕੋਈ ਸਤਿਕਾਰ ਕਰਦਾ ਹੈ ਪਰ ਇਸ ਤਰਾਂ ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕੇ ਪੁਲਿਸ ‘ਤੇ ਹਮਲਾ ਕਰਨਾ ਬੁਜ਼ਦਿਲੀ ਹੈ।ਸੂਬੇ ਦੀ ਸਾਂਤੀ ਭੰਗ ਕਰਨ ਲਈ ਕਈ ਤਾਕਤਾਂ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਹਨ। ਪੰਜਾਬ ਪੁਲਿਸ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਲੋਕਾਂ ਦੀ ਮਦਦ ਨਾਲ ਇਸ ਨੂੰ ਕਾਇਮ ਰੱਖਿਆ ਜਾਵੇ।
ਡੀਜੀਪੀ ਪੰਜਾਬ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਾਂਤੀ ਬਣਾਈ ਰੱਖਣ ਤੇ ਨਾਲ ਹੀ ਉਹਨਾਂ ਸਮਾਜ ਵਿਰੋਧੀ ਤੱਤਾਂ ਨੂੰ ਵੀ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਇਹਨਾਂ ਖਿਲਾਫ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।ਕੱਲ ਹੋਈ ਘਟਨਾ ਬਾਰੇ ਵੀ ਉਹਨਾਂ ਕਿਹਾ ਹੈ ਕਿ ਇਸ ਬਾਰੇ ਕਾਰਵਾਈ ਕੀਤੀ ਜਾਵੇਗੀ ਤੇ ਵੀਡੀਓ ਦੀ ਵੀ ਜਾਂਚ ਕੀਤੀ ਜਾ ਰਹੀ ਹੈ।ਮੌਕੇ ‘ਤੇ ਧਰਨਾਕਰੀਆਂ ਦੇ ਸਾਹਮਣਾ ਕਰ ਰਹੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਤੇ ਐਸਐਸਪੀ ਜੁਗਰਾਜ ਸਿੰਘ ਦੇ ਤੇਜਧਾਰ ਹਥਿਆਰ ਕਾਰਨ ਆਈਆਂ ਸੱਟਾਂ ਕਾਰਨ ਗਿਆਰਾਂ ਟਾਂਕੇ ਲੱਗੇ ਹਨ।ਇਸ ਤੋਂ ਇਲਾਵਾ 5 ਹੋਰ ਪੁਲਿਸ ਕਰਮੀ ਵੀ ਜ਼ਖਮੀ ਹੋਏ ਹਨ। ਇਹਨਾਂ ਦੇ ਬਿਆਨਾਂ ਦੇ ਆਧਾਰ ‘ਤੇ ਹੀ ਹੁਣ ਅਗਲੀ ਕਾਰਵਾਈ ਕੀਤੀ ਜਾਵੇਗੀ।