ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਵਿਖੇ ਆਈਲੈਟਸ ਵਿਚ ਦੋ ਵਾਰ ਸਫਲਤਾ ਨਾ ਮਿਲਣ ਉਤੇ ਨੌਜਵਾਨ ਨੇ ਖੌਫਨਾਕ ਕਦਮ ਚੁੱਕਿਆ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੇ ਖੇਤਾਂ ਵਿਚ ਜਾ ਕੇ ਫੰਦਾ ਲਗਾ ਕੇ ਆਤਮਹੱਤਿਆ ਕਰ ਲਈ। ਇਸ ਤੋਂ ਇਲਾਵਾ ਮ੍ਰਿਤਕ ਨੇ ਫੌਜ ਵਿਚ ਭਰਤੀ ਹੋਣ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਉਸ ਵਿਚ ਵੀ ਕੁਲਦੀਪ ਨੂੰ ਸਫਲਤਾ ਨਹੀਂ ਮਿਲੀ ਜਿਸ ਕਾਰਨ ਉਹ ਵਿਦੇਸ਼ ਜਾ ਕੇ ਸੈਟਲ ਹੋਣ ਬਾਰੇ ਸੋਚਣ ਲੱਗਾ। ਇਸ ਲਈ ਕੁਲਦੀਪ ਨੇ ਦੋ ਵਾਰ ਆਈਲੈਟਸ ਦਾ ਪੇਪਰ ਦਿੱਤਾ ਪਰ ਦੋਵੇਂ ਵਾਰੀ ਉਹ ਸਫਲ ਨਹੀਂ ਹੋ ਸਕਿਆ, ਜਿਸ ਕਰਕੇ ਉਹ ਪ੍ਰੇਸ਼ਾਨ ਰਹਿਣ ਲੱਗਾ ਤੇ ਆਖਿਰਕਾਰ ਉਸ ਨੇ ਖੌਫਨਾਕ ਕਦਮ ਚੁੱਕ ਲਿਆ।
ਮ੍ਰਿਤਕ ਆਪਣੇ ਪਿੱਛੇ ਮਾਤਾ-ਪਿਤਾ ਤੇ ਛੋਟਾ ਭਰਾ ਛੱਡ ਗਿਆ ਹੈ। ਨੌਜਵਾਨ ਵੱਲੋਂ ਕੀਤੀ ਖ਼ੁਦਕੁਸ਼ੀ ਕਾਰਨ ਪਰਿਵਾਰ ਸਦਮੇ ਵਿਚ ਹੈ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਮੁਤਾਬਿਕ ਮ੍ਰਿਤਕ ਰਾਤ 8 ਵਜੇ ਤੋਂ ਘਰੋਂ ਗਾਇਬ ਸੀ ਤੇ ਪਰਿਵਾਰ ਉਸ ਦੀ ਭਾਲ ਕਰ ਰਿਹਾ ਸੀ, ਪਰ ਉਸ ਦੀ ਸਵੇਰ ਸਮੇਂ ਖੇਤ ਦੇ ਕੋਠੇ ਵਿਚ ਲਾਸ਼ ਲਟਕਦੀ ਹੋਈ ਨਜ਼ਰ ਆਈ।
ਰਾਮਾ ਮੰਡੀ ਪੁਲਿਸ ਵੱਲੋਂ 174 ਦੀ ਧਾਰਾ ਤਹਿਤ ਕਾਰਵਾਈ ਕਰਕੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਮ੍ਰਿਤਕ ਕਿਸਾਨ ਪਰਿਵਾਰ ਨਾਲ ਸਬੰਧਤ ਹੈ ਤੇ ਉਸ ਦੇ ਪਰਿਵਾਰ ਦੇ ਸਿਰ ‘ਤੇ ਕਾਫੀ ਕਰਜ਼ਾ ਸੀ। ਗਰੀਬੀ ਨੂੰ ਦੂਰ ਕਰਨ ਹੀ ਕੁਲਦੀਪ ਆਸਟ੍ਰੇਲੀਆ ਜਾਣਾ ਚਾਹੁੰਦਾ ਸੀ ਪਰ ਉਸ ਦਾ ਇਹ ਸੁਪਨਾ ਪੂਰਾ ਨਹੀਂ ਹੋ ਸਕਿਆ।