‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਨੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਪੁੱਤਰ ਗਗਨਦੀਪ ਸਿੰਘ ਜਲਾਲਪੁਰ ਨੂੰ ਪੰਜਾਬ ਸਟੇਟ ਪਾਵਰਕੌਮ ਕਾਰਪੋਰੇਸ਼ਨ ਲਿਮੀਟਡ ਦਾ ਡਾਇਰੈਕਟਰ ਲਾ ਦਿੱਤਾ ਹੈ। ਉਨ੍ਹਾਂ ਦੀ ਨਿਯੁਕਤੀ ਦੇ ਹੁਕਮ ਤੁਰੰਤ ਤੋਂ ਲਾਗੂ ਹੋ ਗਏ ਹਨ। ਅਹੁਦੇ ਦੀ ਮਿਆਦ ਦੋ ਸਾਲਾਂ ਲਈ ਮੁਕੱਰਰ ਕੀਤੀ ਗਈ ਹੈ। ਮਦਨ ਲਾਲ ਜਲਾਲਪੁਰ ਅਕਸਰ ਵਿਵਾਦਾਂ ਵਿੱਚ ਘਿਰੇ ਰਹਿੰਦੇ ਹਨ। ਪਿਛਲੇ ਦਿਨੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਫੇਰੀ ਮੌਕੇ ਉਨ੍ਹਾਂ ਨੇ ਸਮਾਗਮ ਵਿੱਚ ਖਲਲ ਤਾਂ ਪਾਇਆ ਹੀ, ਨਾਲ ਹੀ ਉਪ ਕੁਲਪਤੀ ਅਰਵਿੰਦ ‘ਤੇ ਆਰਐੱਸਐੱਸ ਪੱਖੀ ਹੋਣ ਦਾ ਦੋਸ਼ ਵੀ ਲਾ ਦਿੱਤਾ ਸੀ। ਪ੍ਰੋ.ਅਰਵਿੰਦ ਵੱਲੋਂ ਜਲਾਲਪੁਰ ਨੂੰ 15 ਦਿਨਾਂ ਦੇ ਅੰਦਰ ਮੁਆਫੀ ਮੰਗਣ ਦਾ ਨੋਟਿਸ ਭੇਜ ਕੇ 20 ਕਰੋੜ ਰੁਪਏ ਹਰਜਾਨੇ ਦੀ ਧਮਕੀ ਦਿੱਤੀ ਗਈ ਹੈ।
