India International Punjab

ਮੁਹਾਲੀ ਤੋਂ ਅਕਤੂਬਰ ‘ਚ ਕੈਨੇਡਾ ਲਈ ਸ਼ੁਰੂ ਹੋਣਗੀਆਂ ਸਿੱਧੀਆਂ ਉਡਾਣਾਂ , ਇੰਗਲੈਂਡ ਲਈ ਵੀ

ਕਮਲਜੀਤ ਸਿੰਘ ਬਨਵੈਤ

‘ਦ ਖ਼ਾਲਸ ਬਿਊਰੋ : ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਲਈ ਖੁਸ਼ ਖ਼ਬਰ ਹੈ ਕਿ ਕੈਨੇਡਾ ਅਤੇ ਇੰਗਲੈਂਡ ਲਈ ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਜਹਾਜ਼ ਸਿੱਧੀਆਂ ਉਡਾਣਾਂ ਭਰਨ ਲੱਗਣਗੇ। ਡਾਗਵੈਰਕਸ ਇੰਟਰਨੈਸ਼ਨਲ ਕੈਪੀਟਲ ਕੰਪਨੀ ਨੇ ਮੁਹਾਲੀ ( ਚੰਡੀਗੜ੍ਹ) ਏਅਰਪੋਰਟ ਅਥਾਰਟੀ ਨੂੰ ਇੱਕ ਪੱਤਰ ਭੇਜ ਕੇ ਪੇਸ਼ਕਸ਼ ਕੀਤੀ ਹੈ। ਇਸ ਦੇ ਨਾਲ ਫਲਾਈਟ ਟੋਪ ਏਅਰਲਾਈਨਜ਼ ਨੇ ਇੰਗਲੈਂਡ ਦੇ ਸ਼ਹਿਰ ਲੰਡਨ ਲਈ ਸਿੱਧੀ ਉਡਾਣ ਆਰੰਭ ਕਰਨ ਦੀ ਆਫਰ ਦਿੱਤੀ ਹੈ। ਇਹ ਉਡਾਣਾ ਇਸੇ ਸਾਲ ਅਕਤੂਬਰ ਤੋਂ ਸ਼ੁਰੂ ਹੋ ਜਾਣਗੀਆਂ। ਮੁਹਾਲੀ ਦੀ 300 ਏਕੜ ਧਰਤੀ ‘ਤੇ ਬਣਿਆ ਕੌਮਾਂਤਰੀ ਏਅਰਪੋਰਟ ਦੇਸ਼ ਵਿਦੇਸ਼ ਵਿੱਚ ਚੰਡੀਗੜ੍ਹ ਹਵਾਈ ਅੱਡੇ ਦੇ ਨਾਂ ਨਾਲ ਵਧੇਰੇ ਜਾਣਿਆਂ ਜਾਂਦਾ ਹੈ।

ਮੁਹਾਲੀ ਕੌਮਾਂਤਰੀ ਏਅਰਪੋਰਟ ਅਥਾਰਟੀ ਦੇ ਚੀਫ ਐਗਜ਼ੀਕਿਊਟਵ ਅਫ਼ਸਰ ਰਾਕੇਸ਼ ਰੰਜਨ ਸਹਾਏ ਨੇ ਦੱਸਿਆ ਕਿ ਕੈਨੇਡਾ ਦੀ ਕੰਪਨੀ ਨੇ ਮੁਹਾਲੀ ਤੋਂ ਟਰਾਂਟੋ  ਅਤੇ ਵੈਨਕੁਵਰ ਤੋਂ ਉਡਾਣਾ ਸ਼ੁਰੂ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਅਥਾਰਟੀ ਵੱਲੋਂ ਬਿਨਾਂ ਦੇਰੀ ਹਾਮੀ ਭਰ ਦਿੱਤੀ ਗਈ ਹੈ ਪਰ ਹੁਣ ਕੰਪਨੀ ਦੇ ਆਖਰੀ ਹੁੰਗਾਰੇ ਦੀ ਉਡੀਕ ਕੀਤੀ ਜਾ ਰਹੀ ਹੈ। ਕੈਨੇਡਾ ਅਤੇ ਇੰਗਲੈਂਡ ਨੂੰ ਉਡਾਣਾਂ ਸ਼ੁਰੂ ਹੋਣ ਨਾਲ ਪੰਜਾਬੀ ਭਾਈਚਾਰੇ ਨੂੰ ਵੱਡੀ ਰਾਹਤ ਮਿਲੇਗੀ।

ਹਾਲ ਦੀ ਘੜੀ ਪਹਿਲੇ ਤਿੰਨ ਮਹੀਨੇ ਲਈ 200 ਸੀਟਾਂ ਵਾਲੇ ਚਾਰਟਿਡ ਫਲਾਈਟ ਨਾਲ ਤਜ਼ਰਬਾ ਸ਼ੁਰੂ ਕੀਤਾ ਜਾ ਰਿਹਾ ਹੈ। ਮੁਸਾਫਰਾਂ ਦਾ ਰੁਝਾਨ ਦੇਖ ਕੇ ਉਡਾਣਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ ਅਤੇ ਵੱਧ ਸਮਰੱਥਾ ਵਾਲੇ ਜਹਾਜ਼ ਵੀ ਉਡਾਣਾ ਭਰਨੀਆਂ ਸ਼ੁਰੂ ਕਰਨਗੇ। ਜਿੱਥੋਂ ਤੱਕ ਇੰਗਲੈਂਡ ਨੂੰ ਉਡਾਣਾਂ ਸ਼ੁਰੂ ਕਰਨ ਦੀ ਗੱਲ ਹੈ ਬ੍ਰਿਟਿਸ਼ ਹਾਈ ਕਮਿਸ਼ਨ ਅਤੇ ਏਅਰਪੋਰਟ ਅਥਾਰਟੀ ਦੀਆਂ ਮੀਟਿੰਗਾਂ ਸ਼ੁਰੂ ਹੋ ਗਈਆਂ ਹਨ । ਮੁਹਾਲੀ ਤੋਂ ਸਭ ਤੋਂ ਪਹਿਲਾਂ ਫਲਾਈਟ ਬਰਮਿੰਘਮ ਜਾਂ ਲੰਡਨ ਲਈ ਸ਼ੁਰੂ ਹੋਵੇਗੀ। ਪਤਾ ਲੱਗਾ ਹੈ ਕਿ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਕਿਰਨ ਖੇਰ ਦੋਹਾਂ ਦੇਸ਼ਾਂ ਲਈ ਉਡਾਣਾਂ ਸ਼ੁਰੂ ਕਰਨ ਵਾਸਤੇ ਦਬਾਅ ਬਣਾ ਰਹੇ ਹਨ।

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੱਤ ਸਾਲ ਪਹਿਲਾਂ 21 ਸਤੰਬਰ 2015 ਨੂੰ ਮੁਹਾਲੀ ਏਅਰਪੋਰਟ ਦਾ ਉਦਘਾਟਨ ਕੀਤਾ ਗਿਆ ਸੀ। ਇਸ ਵੇਲੇ ਦੁਬਈ ਅਤੇ ਸ਼ਾਰਜ਼ਾਹ ਲਈ ਸਿਰਫ ਦੋ ਕੌਮਾਂਤਰੀ ਉਡਾਣਾਂ ਚੱਲ ਰਹੀਆਂ ਹਨ ਜਦਕਿ ਘਰੇਲੂ ਉਡਾਣਾਂ ਦੀ ਗਿਣਤੀ ਕਈ ਦਰਜਨ ਹੈ। ਅਥਾਰਟੀ ਦੇ ਆਰਥਿਕ ਸਲਾਹਕਾਰ ਸੰਜੀਵ ਵਸਿਸ਼ਟ ਦਾ ਕਹਿਣਾ ਹੈ ਕਿ ਭਾਵੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਪਰ ਉਹ ਫੇਰ ਵੀ ਕੌਮਾਂਤਰੀ ਉਡਾਣਾਂ ਦਾ ਗਿਣਤੀ ਵਧਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ।

 ਕੋਵਿਡ ਦੌਰਾਨ ਇੱਥੋਂ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸਨ ਪਰ ਇਸ ਤੋਂ ਬਾਅਦ ਘਰੇਲੂ ਉਡਾਣਾਂ ਮੁੜ ਪਹਿਲਾਂ ਦੀ ਤਰ੍ਹਾਂ ਸ਼ੁਰੂ ਹੋ ਚੁੱਕੀਆਂ ਹਨ। ਚੰਡੀਗੜ੍ਹ ਦੇ ਏਅਰਪੋਰਟ ਦੇ ਨਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਦਰਮਿਆਨ ਰੇੜਕਾ ਚੱਲਦਾ ਰਿਹਾ ਹੈ। ਪੰਜਾਬੀ ਇਸ ਨੂੰ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਸ਼ੁਰੂ ਕਰਨ ਦੀ ਮੰਗ ਕਰਦੇ ਰਹੇ ਹਨ। ਦੋ ਮੰਜ਼ਲੇ ਮੁਹਾਲੀ ਹਵਾਈ ਅੱਡੇ ਦੇ 48 ਚੈਕ ਕਾਊਂਟਰ, ਛੇ ਗੇਟ ਹਨ ਅਤੇ ਇੱਥੇ 500 ਕਾਰਾਂ ਪਾਰਕ ਕਰਨ ਦੀ ਸਮਰੱਥਾ ਹੈ। ਮੁਹਾਲੀ ਏਅਰਪੋਰਟ ਵਿੱਚ ਪੰਜਾਬ ਦਾ 51 ਫੀਸਦੀ ਅਤੇ ਹਰਿਆਣਾ ਦਾ 24 .5 ਫੀਸਦੀ ਹਿੱਸਾ ਹੈ। ਮੁਹਾਲੀ ਏਅਰਪੋਰਟ ਨੂੰ ਸ਼ੁਰੂ ਤੋਂ ਲੈ ਕੇ ਵੱਡਾ ਹੁੰਗਾਰਾ ਮਿਲ ਰਿਹਾ ਹੈ ਅਤੇ ਹਰ ਸਾਲ   ਮੁਸਾਫਿਰ 12 ਫੀਸਦੀ ਵੱਧ ਰਹੇ ਹਨ।