Punjab

ਪੰਜਾਬ ਸਰਕਾਰ ਦੇ ਵਿਧਾਇਕ ਨੇ ਘੇਰੀ ਕੇਂਦਰ ਸਰਕਾਰ, RDF ਤੇ ਚੁੱਪ ਕਿਉਂ ਪੰਜਾਬ ਭਾਜਪਾ ਦੇ ਆਗੂ

ਪੰਜਾਬ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ (AAP) ਨੇ ਕੇਂਦਰ ਦੀ ਭਾਜਪਾ ਸਰਕਾਰ ਉੱਤੇ ਸੂਬੇ ਦੇ ਆਰਡੀਐਫ ਨੂੰ ਰੋਕਣ ਦੇ ਇਲਜ਼ਾਮ ਲਗਾਏ ਹਨ। ਪਾਰਟੀ ਦੇ ਹਲਕਾ ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਡਾ (MLA Dinesh Chadda) ਨੇ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਦੋਸ਼ ਲਗਾਇਆ ਕਿ ਉਹ ਜਾਣਬੁੱਝ ਕੇ ਸੂਬੇ ਦੇ ਆਰਡੀਐਫ (RDF) ਨੂੰ ਰੋਕ ਕੇ ਪੰਜਾਬ ਦੇ ਮੰਡੀ ਬੋਰਡ ਨੂੰ ਖਤਮ ਕਰਨਾ ਚਾਹੁੰਦੀ ਹੈ। ਚੱਡਾ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਆਪਣੇ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਦੀਆਂ ਮੰਡੀਆਂ ‘ਤੇ ਕਾਬਜ ਕਰਵਾਉਣਾ ਚਾਹੁੰਦੀ ਹੈ ਪਰ ਉਨ੍ਹਾਂ ਦੀ ਸਰਕਾਰ ਅਜਿਹਾ ਨਹੀਂ ਹੋਣ ਦੇਵੇਗੀ। ਉਨ੍ਹਾਂ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਕੇਂਦਰੀ ਰੇਲਵੇ ਰਾਜ ਮੰਤਰੀ ਰਨਵੀਤ ਸਿੰਘ ਬਿੱਟੂ ਨੂੰ ਪੁੱਛਿਆ ਕਿ ਉਹ ਇਸ ਮੁੱਦੇ ‘ਤੇ ਚੁੱਪ ਕਿਉਂ ਹਨ।

6600 ਕਰੋੜ ਦੇ ਰੋਕੇ ਫੰਡ

ਵਿਧਾਇਕ ਦਿਨੇਸ਼ ਚੱਡਾ ਨੇ ਕਿਹਾ ਕਿ ਕੇਂਦਰ ਵੱਲੋਂ ਪੰਜਾਬ ਦੇ 6600 ਕਰੋੜ ਰੁਪਏ ਦੇ ਫੰਡ ਰੋਕੇ ਗਏ ਹਨ। ਇਹ ਸਾਰੀ ਰਕਮ ਪਿੰਡਾਂ ਵਿੱਚ ਸੜਕਾਂ ਬਣਾਉਣ ਲਈ ਵਰਤੀ ਜਾਣੀ ਹੈ। ਇਸ ਪੈਸੇ ਨਾਲ ਪੰਜਾਬ ਦੀਆਂ 66 ਹਜ਼ਾਰ ਕਿਲੋਮੀਟਰ ਸੜਕਾਂ ਬਣਨੀਆਂ ਸਨ ਪਰ ਕੇਂਦਰ ਸਰਕਾਰ ਵੱਲੋਂ ਸੋਚੀ ਸਮਝੀ ਸਾਜਿਸ਼ ਤਹਿਤ ਇਹ ਪੈਸੇ ਰੋਕੇ ਗਏ ਹਨ। ਕੇਂਦਰ ਸਰਕਾਰ ਪੰਜਾਬ ਮੰਡੀ ਬੋਰਡ ਨੂੰ ਖਤਮ ਕਰਨਾ ਚਾਹੁੰਦੀ ਹੈ।

ਨਵੇਂ ਸੰਸਦ ਮੈਂਬਰਾਂ ਨੂੰ ਕੀਤੀ ਅਪੀਲ

ਚੱਡਾ ਨੇ ਪੰਜਾਬ ਦੇ ਨਵੇਂ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਇਹ ਮਾਮਲਾ ਸੰਸਦ ਵਿੱਚ ਚੁੱਕਣ ਤਾਂ ਕਿ ਪੰਜਾਬ ਨੂੰ ਉਸ ਦਾ ਹੱਕ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚ ਚੁੱਕੀ ਹੈ ਅਤੇ ਪੂਰੀ ਆਸ ਹੈ ਕਿ ਨਤੀਜਾ ਪੰਜਾਬ ਦੇ ਹੱਕ ਵਿੱਚ ਹੋਵੇਗਾ।

ਇਹ ਵੀ ਪੜ੍ਹੋ –  ਪੰਜਾਬ ਪੁਲਿਸ ‘ਚ ਹੋਈਆਂ ਬਦਲੀਆਂ, ਵਧੇਗੀ ਨਫਰੀ ਤੇ ਜਾਇਦਾਦ ਹੋਵੇਗੀ ਜ਼ਬਤ, ਮੁੱਖ ਮੰਤਰੀ ਵੀ ਸਰਗਰਮ