ਦਿਲਜੀਤ ਦੋਸਾਂਝ, ਜਿਸ ਨੇ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਆਪਣੇ ਗੀਤਾਂ ’ਤੇ ਝੂਮਣ ਲਈ ਮਜਬੂਰ ਕੀਤਾ ਹੈ, ਉਹ ਅੰਦਰੋਂ ਬਹੁਤ ਡੂੰਘਾ ਦਰਦ ਲੁਕਾਈ ਬੈਠਾ ਹੈ। ਫਿਲਮ ‘ਅਮਰ ਸਿੰਘ ਚਮਕੀਲਾ’ ਦੇ ਪ੍ਰੋਮੋਸ਼ਨ ਦੌਰਾਨ ਇੱਕ ਇੰਟਰਵਿਊ ਵਿੱਚ ਉਹ ਭਾਵੁਕ ਹੋ ਗਿਆ ਅਤੇ ਬੋਲ ਪਿਆ, “ਮੈਂ ਸਵੀਕਾਰ ਕਰ ਲਿਆ ਹੈ ਕਿ ਮੈਂ ਇਸ ਦੁਨੀਆਂ ਤੋਂ ਚਲਾ ਗਿਆ ਹਾਂ।”
ਉਸ ਨੇ ਕਿਹਾ ਕਿ ਹਰ ਕਲਾਕਾਰ ਦੇ ਦਿਲ ਵਿੱਚ ਇੱਕ ਡੂੰਘਾ ਦਰਦ ਹੁੰਦਾ ਹੈ ਅਤੇ ਜਿੰਨਾ ਚਿਰ ਕਲਾਕਾਰ ਜਿੰਦਾ ਹੈ, ਸਮਾਜ ਉਸ ਨੂੰ ਚੈਨ ਨਾਲ ਜੀਣ ਨਹੀਂ ਦਿੰਦਾ। ਪਰੇਸ਼ਾਨੀਆਂ, ਮੌਤ ਦੀਆਂ ਧਮਕੀਆਂ, ਤੇ ਇੱਥੋਂ ਤੱਕ ਕਿ ਕਤਲ ਵੀ ਕਰ ਦਿੱਤਾ ਜਾਂਦਾ ਹੈ। ਜਦੋਂ ਕਲਾਕਾਰ ਮਰ ਜਾਂਦਾ ਹੈ ਤਾਂ ਹੀ ਲੋਕ ਉਸ ਦੇ ਗੁਣ ਗਾਉਣ ਲੱਗ ਪੈਂਦੇ ਹਨ, ਕਹਿਣ ਲੱਗ ਪੈਂਦੇ ਹਨ ਕਿ ਉਹ ਕਿੰਨਾ ਮਹਾਨ ਸੀ।
ਦਿਲਜੀਤ ਨੇ ਚਮਕੀਲਾ ਦੀ ਜ਼ਿੰਦਗੀ ਨੂੰ ਆਪਣੀ ਜ਼ਿੰਦਗੀ ਨਾਲ ਜੋੜ ਕੇ ਦੇਖਿਆ। ਉਹ ਬੋਲੇ, “ਜਦੋਂ ਤੱਕ ਕਲਾਕਾਰ ਜਿੰਦਾ ਹੈ, ਲੋਕ ਉਸ ਨੂੰ ਮਹਾਨ ਨਹੀਂ ਮੰਨਦੇ। ਮਰਨ ਤੋਂ ਬਾਅਦ ਹੀ ਪਿਆਰ ਮਿਲਦਾ ਹੈ, ਕਿਉਂਕਿ ਉਹ ਹੁਣ ਕਿਸੇ ਦਾ ਮੁਕਾਬਲੇਬਾਜ਼ ਨਹੀਂ ਰਹਿੰਦਾ। ਮਰਿਆ ਹੋਇਆ ਵਾਪਸ ਨਹੀਂ ਆਉਂਦਾ।” ਉਸ ਨੇ ਕਿਹਾ ਕਿ ਸਮਾਜ ਕਲਾਕਾਰ ਦੀ ਸਿਰਜਣਾ ਨੂੰ ਬਰਦਾਸ਼ਤ ਨਹੀਂ ਕਰਦਾ, ਉਸ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾਂਦਾ ਹੈ।
ਚਮਕੀਲਾ ਨਾਲ ਵੀ ਠੀਕ ਇਹੀ ਹੋਇਆ। ਜਦੋਂ ਉਹ ਜਿਊਂਦਾ ਸੀ ਤਾਂ ਧਮਕੀਆਂ ਮਿਲੀਆਂ, ਕਤਲ ਕਰ ਦਿੱਤਾ ਗਿਆ, ਪਰ ਮਰਨ ਤੋਂ ਬਾਅਦ ਸਾਰੇ ਉਸ ਦੇ ਗੀਤ ਗਾਉਣ ਲੱਗ ਪਏ।ਫਿਲਮ ਦੀ ਸ਼ੂਟਿੰਗ ਦੌਰਾਨ ਦਿਲਜੀਤ ਨੇ ਚਮਕੀਲਾ ਦੇ ਕਤਲ ਵਾਲੀ ਅਸਲ ਥਾਂ ’ਤੇ ਕਤਲ ਦਾ ਸੀਨ ਫਿਲਮਾਇਆ। ਜਦੋਂ ਗੋਲੀ ਦੀ ਆਵਾਜ਼ ਗੂੰਜੀ ਤਾਂ ਉਸ ਨੂੰ ਲੱਗਿਆ ਜਿਵੇਂ ਉਹ ਖੁਦ ਚਮਕੀਲਾ ਬਣ ਗਿਆ ਹੋਵੇ। ਸਾਜ਼ ਉਸ ਦੀ ਉਂਗਲ ’ਤੇ ਵੱਜਿਆ ਤੇ ਖੂਨ ਦੀਆਂ ਬੂੰਦਾਂ ਡਿੱਗ ਪਈਆਂ। ਉਸ ਪਲ ਉਸ ਨੂੰ ਅਹਿਸਾਸ ਹੋਇਆ ਕਿ ਇਹ ਉਹੀ ਥਾਂ ਹੈ ਜਿੱਥੇ ਚਮਕੀਲਾ ਦਾ ਖੂਨ ਵਹਿਆ ਸੀ।
ਟ੍ਰੇਲਰ ਵਿੱਚ ਵੀ ਜਦੋਂ ਉਸ ਨੇ ਆਪਣੇ ਆਪ ਨੂੰ ਗੋਲੀ ਮਾਰਦੇ ਦੇਖਿਆ ਤਾਂ ਉਹ ਰੋ ਪਿਆ, ਉਸ ਨੂੰ ਲੱਗਿਆ ਚਮਕੀਲਾ ਉਸ ਵੱਲ ਦੇਖ ਰਿਹਾ ਹੈ।ਦਿਲਜੀਤ ਨੇ ਦੱਸਿਆ ਕਿ ਉਹ ਵੀ ਲੁਧਿਆਣੇ ਦੇ ਦੁੱਗਰੀ ਇਲਾਕੇ ਦਾ ਰਹਿਣ ਵਾਲਾ ਹੈ ਤੇ ਚਮਕੀਲਾ ਵੀ ਉੱਥੇ ਹੀ ਰਹਿੰਦਾ ਸੀ। ਇਸੇ ਗਲੀ ਦਾ ਹੋਣ ਕਾਰਨ ਉਸ ਨਾਲ ਉਸ ਦਾ ਬਹੁਤ ਡੂੰਘਾ ਭਾਵੁਕ ਲਗਾਅ ਸੀ।
ਉਹ ਬੋਲੇ, “ਮੈਂ ਇੱਥੇ ਚਮਕੀਲਾ ਪਾਜੀ ਕਰਕੇ ਹੀ ਹਾਂ। ਉਸ ਨੇ ਮੈਨੂੰ ਆਪਣਾ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ। ਉਹ ਮੇਰੇ ਲਈ ਸਿਰਫ਼ ਇੱਕ ਰੋਲ ਨਹੀਂ, ਸਗੋਂ ਇੱਕ ਭਾਵਨਾਤਮਕ ਰਿਸ਼ਤਾ ਸੀ।”ਅੰਤ ਵਿੱਚ ਦਿਲਜੀਤ ਨੇ ਕਿਹਾ, “ਮੈਨੂੰ ਹੁਣ ਕਿਸੇ ਗੱਲ ਦਾ ਫ਼ਰਕ ਨਹੀਂ ਪੈਂਦਾ। ਮੈਂ ਤਾਂ ਪਹਿਲਾਂ ਹੀ ਇਸ ਦੁਨੀਆਂ ਤੋਂ ਚਲਾ ਗਿਆ ਹਾਂ। ਮੈਂ ਸਿਰਫ਼ ਸੰਗੀਤ ਦੀ ਕਲਾ ਕਰਕੇ ਜਿਊਂਦਾ ਹਾਂ।” ਇਹ ਦਰਦ ਭਰੀਆਂ ਗੱਲਾਂ ਸੁਣ ਕੇ ਹਰ ਕਲਾਕਾਰ ਦੇ ਦਿਲ ਨੂੰ ਛੂਹ ਜਾਂਦੀਆਂ ਹਨ।

