ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਨੇ ਸ਼ਨੀਵਾਰ ਨੂੰ ਹੈਦਰਾਬਾਦ ਵਿੱਚ ਹੋਏ ਆਪਣੇ ਸੰਗੀਤ ਸਮਾਰੋਹ ਦੌਰਾਨ ਆਪਣੇ ਗੀਤਾਂ ‘ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਲੈ ਕੇ ਤੇਲੰਗਾਨਾ ਸਰਕਾਰ ਦੀ ਚੁਟਕੀ ਲਈ। ਉਨ੍ਹਾਂ ਸਟੇਜ ਤੋਂ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਭਾਰਤੀ ਕਲਾਕਾਰਾਂ ਨੂੰ ਆਪਣੇ ਦੇਸ਼ ਵਿੱਚ ਗਾਉਣ ਤੋਂ ਰੋਕਿਆ ਜਾਂਦਾ ਹੈ, ਜਦੋਂ ਕਿ ਅੰਤਰਰਾਸ਼ਟਰੀ ਕਲਾਕਾਰਾਂ ਨੂੰ ਪੂਰੀ ਆਜ਼ਾਦੀ ਦਿੱਤੀ ਜਾਂਦੀ ਹੈ।
ਇਸ ਦੌਰਾਨ ਦਿਲਜੀਤ ਦੁਸਾਂਝ ਨੇ ਸਾਈਬਰ ਕਰਾਈਮ ਬਾਰੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਅਤੇ ਟਿਕਟ ਘੁਟਾਲੇ ਬਾਰੇ ਵੀ ਸਪੱਸ਼ਟੀਕਰਨ ਦਿੱਤਾ। ਦਲਜੀਤ ਨੇ ਸਟੇਜ ਤੋਂ ਕਿਹਾ ਕਿ ਕੁਝ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਮੇਰੇ ਸ਼ੋਅ ਦੀਆਂ ਟਿਕਟਾਂ ਇੰਨੀ ਜਲਦੀ ਕਿਵੇਂ ਵਿਕ ਜਾਂਦੀਆਂ। ਉਨ੍ਹਾਂ ਕਿਹਾ ਕਿ ਮੈਂ ਕਈ ਸਾਲਾਂ ਤੋਂ ਕੰਮ ਕਰ ਰਿਹਾ ਹਾਂ, ਇਕ ਦਿਨ ਵਿਚ ਮਸ਼ਹੂਰ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਤੇਲੰਗਾਨਾ ਸਰਕਾਰ ਨੇ ਮੈਨੂੰ ਕਿਹਾ ਕਿ ਜੇਕਰ ਸਾਈਬਰ ਅਪਰਾਧ ਹੁੰਦਾ ਹੈ ਤਾਂ ਪਹਿਲਾ ਘੰਟਾ ਸੁਨਹਿਰੀ ਘੰਟਾ ਹੁੰਦਾ ਹੈ। ਤੁਰੰਤ 1930 ‘ਤੇ ਕਾਲ ਕਰੋ। ਕੁਝ ਲੋਕ ਪਹਿਲਾਂ ਆਪਣੀਆਂ ਟਿਕਟਾਂ ਖਰੀਦਦੇ ਹਨ ਅਤੇ ਫਿਰ ਉਨ੍ਹਾਂ ਨੂੰ ਵੱਧ ਕੀਮਤ ‘ਤੇ ਵੇਚਦੇ ਹਨ। ਵਿਦੇਸ਼ਾਂ ਵਿੱਚ ਵੀ ਇਹ ਸਮੱਸਿਆ ਮੌਜੂਦ ਹੈ। ਉਥੇ ਵੀ ਹੱਲ ਨਹੀਂ ਨਿਕਲਿਆ। ਪਰ ਇਸ ਗੱਲ ਨੂੰ ਵੀ ਹੌਲੀ-ਹੌਲੀ ਠੀਕ ਕੀਤਾ ਜਾਵੇਗਾ।
ਤੇਲੰਗਾਨਾ ਸਰਕਾਰ ਨੇ ਹਾਲ ਹੀ ‘ਚ ਦਿਲਜੀਤ ਦੋਸਾਂਝ ਦੇ ਕੁਝ ਗੀਤਾਂ ‘ਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਸ਼ਰਾਬ ਵਰਗੇ ਗੀਤ ਪ੍ਰੋਗਰਾਮਾਂ ਵਿਚ ਪੇਸ਼ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਸਰਕਾਰ ਦਾ ਮੰਨਣਾ ਸੀ ਕਿ ਅਜਿਹੇ ਗੀਤਾਂ ਦਾ ਸਮਾਜ ‘ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਆਪਣੇ ਸੰਗੀਤ ਸਮਾਰੋਹ ਦੌਰਾਨ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਲੱਤਾਂ ਫਸਾਉਣ ਦੀ ਆਦਤ ਹੁੰਦੀ ਹੈ। ਕੋਈ ਗੱਲ ਨਹੀਂ, ਮੈਂ ਵੀ ਦੁਸਾਂਝਾਂਵਾਲਾ ਹਾਂ। ਮੈਂ ਇੰਨੀ ਜਲਦੀ ਨਹੀਂ ਛੱਡਦਾ।