ਬਿਉਰੋ ਰਿਪੋਰਟ – ਦਿਲਜੀਤ ਦੋਸਾਂਝ (Diljeet Dosanj) ਦਾ ਸ਼ਨਿੱਚਰਵਾਰ 14 ਦਸੰਬਰ ਨੂੰ ਚੰਡੀਗੜ੍ਹ ਹੋਣ ਵਾਲੇ ਸ਼ੋਅ ਦਾ ਮਾਮਲਾ ਹੁਣ ਪੰਜਾਬ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ ।
ਐਡਵੋਕੇਟ ਰਣਜੀਤ ਸਿੰਘ ਦੇ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਟਰੈਫ਼ਿਕ ਮੈਨੇਜਮੈਂਟ,ਭੀੜ ਨੂੰ ਕੰਟਰੋਲ ਕਰਨ ਨੂੰ ਲੈ ਕੇ ਰਿਪੋਰਟ ਮੰਗੀ ਗਈ ਹੈ । ਰਿਪੋਰਟ ਨਾ ਮਿਲਣ ਤੱਕ Consert ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ । ਇਸ ਤੋਂ ਇਲਾਵਾ ਦਿਲਜੀਤ ਦੇ ਸ਼ੋਅ ਵਾਲੀ ਥਾਂ ਵੀ ਬਦਲਣ ਦੀ ਅਪੀਲ ਕੀਤੀ ਗਈ ਹੈ ।
ਚੰਡੀਗੜ੍ਹ ਦੇ ਸੈਕਟਰ 34 ਦੇ ਮੈਦਾਨ ਵਿੱਚ ਦਿਲਜੀਤ ਦੋਸਾਂਝ ਦਾ ਸ਼ੋਅ ਹੋਣਾ ਹੈ,ਇਸ ਤੋਂ ਪਹਿਲਾਂ ਚੰਡੀਗੜ੍ਹ ਬਾਲ ਅਧਿਕਾਰ ਕਮਿਸ਼ਨ ਨੇ ਦਿਲਜੀਤ ਦੇ ਸ਼ੋਅ ਨੂੰ ਲੈਕੇ ਕੁਝ ਗਾਈਡਲਾਈਨਜ਼ ਜਾਰੀ ਕੀਤੀਆਂ ਹਨ ਜਿਸ ਵਿੱਚ ਸ਼ਰਾਬ ਨਾਲ ਜੁੜੇ ਗਾਣੇ ਨਾ ਗਾਉਣ ਅਤੇ ਸ਼ਬਦਾਂ ਨਾਲ ਹੇਰਫੇਰ ਕਰਕੇ ਵੀ ਨਾ ਗਾਉਣ ‘ਤੇ ਪਾਬੰਦੀ ਲਗਾਈ ਗਈ ਸੀ । ਇਸ ਦੇ ਨਾਲ ਬੱਚਿਆਂ ਨੂੰ ਸਟੇਜ ‘ਤੇ ਨਾ ਬੁਲਾਉਣ ਅਤੇ 25 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਸ਼ਰਾਬ ਨਾ ਪਰੋਸਣ ਦੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਸਨ ।
ਇਸ ਤੋਂ ਪਹਿਲਾਂ ਤੇਲੰਗਾਨਾ ਸ਼ੋਅ ਦੌਰਾਨ ਵੀ ਦਿਲਜੀਤ ਦੇ ਸ਼ਰਾਬ ਵਾਲੇ ਗਾਣਿਆ ਤੇ ਪਾਬੰਦੀ ਲਗਾਈ ਗਈ ਸੀ ਉਸ ਵੇਲੇ ਦਿਲਜੀਤ ਨੇ ਸ਼ਰਾਬ ਵਾਲੇ ਗਾਣੇ ਵਿੱਚ ਕੋਲਡਿੰਕ ਦੀ ਵਰਤੋਂ ਕਰਕੇ ਗਾਣਾ ਗਾਇਆ ਸੀ ਇਸੇ ਲਈ ਚੰਡੀਗੜ੍ਹ ਸ਼ੋਅ ਤੋਂ ਪਹਿਲਾਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਸ਼ਬਦਾਂ ਵਿੱਚ ਬਦਲਾਅ ਕਰਕੇ ਵੀ ਸ਼ਰਾਬ ਵਾਲੇ ਗਾਣੇ ਨਾ ਗਾਉਣ । ਹਾਲਾਂਕਿ ਤੇਲੰਗਾਨਾ ਵਿੱਚ ਸ਼ੋਅ ਦੌਰਾਨ ਦਿਲਜੀਤ ਨੇ ਕਿਹਾ ਸੀ ਕਿ ਜੇਕਰ ਸਰਕਾਰ ਸ਼ਰਾਬ ‘ਤੇ ਪਾਬੰਦੀ ਲਗਾਉਣ ਤਾਂ ਉਹ ਵੀ ਕਦੇ ਅਜਿਹੇ ਗਾਣੇ ਨਹੀਂ ਆਉਣਗੇ ।
ਦਿਲਜੀਤ ਦੋਸਾਂਝ ਬੀਤੀ ਸ਼ਾਮ ਨੂੰ ਚੰਡੀਗੜ੍ਹ ਪਹੁੰਚੇ ਸਨ,ਏਅਰਪੋਰਟ ਤੇ ਉਨ੍ਹਾਂ ਦਾ ਜ਼ਬਰਦਸਤ ਸੁਆਗਤ ਹੋਇਆ ਸੀ,ਵੱਡੀ ਗਿਣਤੀ ਵਿੱਚ ਫੈਨਸ ਹਵਾਈ ਅੱਡੇ ਦੇ ਬਾਹਰ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ । ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਵੀ ਵੀਡੀਓ ਸ਼ੇਅਰ ਕੀਤਾ ਹੈ ।