ਚੰਡੀਗੜ੍ਹ : ਪੰਜਾਬ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਇੰਦਰਬੀਰ ਸਿੰਘ ਨੂੰ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਵਿੱਚ ਨਾਮਜ਼ਦ ਕੀਤਾ ਹੈ। ਇੰਦਰਬੀਰ ਸਿੰਘ ਇਸ ਸਮੇਂ ਪੰਜਾਬ ਆਰਮਡ ਪੁਲਿਸ (ਪੀਏਪੀ) ਜਲੰਧਰ ਵਿੱਚ ਤਾਇਨਾਤ ਹਨ। ਜਦੋਂ ਉਹ ਫ਼ਿਰੋਜ਼ਪੁਰ ਦੇ ਡੀਆਈਜੀ ਸਨ ਤਾਂ ਉਨ੍ਹਾਂ ‘ਤੇ ਇੱਕ ਨਸ਼ਾ ਤਸਕਰ ਨੂੰ ਛੁਡਾਉਣ ਲਈ 10 ਲੱਖ ਰੁਪਏ ਅਤੇ ਇੱਕ ਸਬ-ਇੰਸਪੈਕਟਰ ਤੋਂ 23 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਲੱਗੇ ਸਨ। ਹੁਣ ਉਸ ਨੂੰ ਦੋਵਾਂ ਮਾਮਲਿਆਂ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਵਿਜੀਲੈਂਸ ਨੇ ਪਿਛਲੇ ਸਾਲ ਜੁਲਾਈ ਵਿੱਚ ਫ਼ਰੀਦਕੋਟ ਦੇ ਡੀਐਸਪੀ ਲਖਬੀਰ ਸਿੰਘ ਸੰਧੂ ਨੂੰ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਬੋਪਾਰਾਏ ਦੇ ਵਸਨੀਕ ਪਿਸ਼ੌਰਾ ਸਿੰਘ ਨਾਮਕ ਨਸ਼ਾ ਤਸਕਰ ਦੇ ਕੇਸ ਨੂੰ ਸੁਲਝਾਉਣ ਲਈ 10 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ।
ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੇ ਡੀਆਈਜੀ ਰਾਹੁਲ ਕੁਮਾਰ, ਅੰਮ੍ਰਿਤਸਰ ਦੇ ਐਸਐਸਪੀ ਵਰਿੰਦਰ ਸਿੰਘ ਸੰਧੂ ਅਤੇ ਫ਼ਿਰੋਜ਼ਪੁਰ ਦੇ ਐਸਐਸਪੀ ਗੁਰਮੀਤ ਸਿੰਘ ਦੀ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਈ ਗਈ ਸੀ। ਜਦੋਂ ਵਿਜੀਲੈਂਸ ਨੇ ਪ੍ਰੋਡਕਸ਼ਨ ਵਾਰੰਟ ‘ਤੇ ਗੋਇੰਦਵਾਲ ਸਾਹਿਬ ਜੇਲ੍ਹ ਤੋਂ ਡੀਐਸਪੀ ਲਖਬੀਰ ਸੰਧੂ ਤੋਂ ਪੁੱਛਗਿੱਛ ਕੀਤੀ ਤਾਂ ਜਾਂਚ ਟੀਮ ਨੂੰ ਕੁੱਝ ਮੋਬਾਈਲ ਰਿਕਾਰਡਿੰਗ ਮਿਲੇ।
ਡੀਆਈਜੀ ਇੰਦਰਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਉਨ੍ਹਾਂ ਦਾ ਨਾਂ ਆਇਆ ਹੈ। ਇਨ੍ਹਾਂ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ ਅਤੇ ਮਾਮਲਾ ਅਦਾਲਤ ਵਿੱਚ ਵੀ ਹੈ।