ਬਿਊਰੋ ਰਿਪੋਰਟ (ਚੰਡੀਗੜ੍ਹ, 29 ਅਕਤੂਬਰ 2025): ਸੀਬੀਆਈ ਨੇ ਪੰਜਾਬ ਪੁਲਿਸ ਦੇ ਸਸਪੈਂਡ ਕੀਤੇ ਗਏ ਡਿਪਟੀ ਇੰਸਪੈਕਟਰ ਜਨਰਲ (DIG) ਹਰਚਰਨ ਸਿੰਘ ਭੁੱਲਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਬੁੱਧਵਾਰ ਨੂੰ ਚੰਡੀਗੜ੍ਹ ਸੀਬੀਆਈ ਇੰਸਪੈਕਟਰ ਸੋਨਲ ਮਿਸ਼ਰਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਚੰਡੀਗੜ੍ਹ ਸੀਬੀਆਈ ਅਧਿਕਾਰੀ ਕੁਲਦੀਪ ਸਿੰਘ ਨੂੰ ਸੌਂਪ ਦਿੱਤੀ ਗਈ ਹੈ।
16 ਅਕਤੂਬਰ ਨੂੰ, ਸਾਬਕਾ ਡੀਆਈਜੀ ਨੂੰ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਵਿਚੋਲੇ ਕ੍ਰਿਸ਼ਨੂ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਇਸ ਸਮੇਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਹਨ।
ਇਸ ਤੋਂ ਪਹਿਲਾਂ, ਸੀਬੀਆਈ ਨੇ ਪਹਿਲੀ ਵਾਰ ਵਿਚੋਲੇ ਕ੍ਰਿਸ਼ਨੂ ਨੂੰ 9 ਦਿਨਾਂ ਦੇ ਰਿਮਾਂਡ ’ਤੇ ਲਿਆ ਸੀ। ਇਹ ਰਿਮਾਂਡ ਭੁੱਲਰ ਦੀ 14 ਦਿਨਾਂ ਦੀ ਨਿਆਂਇਕ ਹਿਰਾਸਤ ਖ਼ਤਮ ਹੋਣ ਤੋਂ ਸਿਰਫ਼ 2 ਦਿਨ ਪਹਿਲਾਂ ਦਿੱਤਾ ਗਿਆ ਸੀ। ਭੁੱਲਰ ਨੂੰ 31 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣਾ ਹੈ।
ਕੇਂਦਰੀ ਜਾਂਚ ਬਿਊਰੋ (CBI) ਨੇ DIG ਦੇ ਕਥਿਤ ਵਿਚੋਲੇ ਕ੍ਰਿਸ਼ਨੂੰ ਸ਼ਾਰਦਾ ਦਾ 12 ਦਿਨ ਦਾ ਹੋਰ ਪੁਲਿਸ ਰਿਮਾਂਡ ਮੰਗਿਆ ਹੈ। ਕ੍ਰਿਸ਼ਨੂੰ ਸ਼ਾਰਦਾ, ਜੋ ਕਿ ਰੋਪੜ ਰੇਂਜ ਦੇ DIG ਭੁੱਲਰ ਲਈ ਕਥਿਤ ਤੌਰ ’ਤੇ ਰਿਸ਼ਵਤ ਲੈਣ ਦਾ ਦੋਸ਼ੀ ਹੈ, ਨੂੰ ਅੱਜ ਚੰਡੀਗੜ੍ਹ ਦੀ CBI ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਜਾਵੇਗਾ।
ਰਿਮਾਂਡ ਦੀ ਮੰਗ ਦਾ ਕਾਰਨ
CBI ਨੇ ਅਦਾਲਤ ਨੂੰ ਦੱਸਿਆ ਕਿ ਕ੍ਰਿਸ਼ਨੂੰ ਸ਼ਾਰਦਾ ਇਸ ਕੇਸ ਵਿੱਚ ਮੁੱਖ ਕੜੀ ਹੈ ਅਤੇ ਉਸ ਦਾ ਰਿਮਾਂਡ ਇਸ ਲਈ ਜ਼ਰੂਰੀ ਹੈ ਤਾਂ ਜੋ ਉਹ ਇਸ ਭ੍ਰਿਸ਼ਟਾਚਾਰ ਦੇ ਨੈੱਟਵਰਕ ਨਾਲ ਜੁੜੇ ਹੋਰ ਅਧਿਕਾਰੀਆਂ ਅਤੇ ਰਾਜਨੀਤਿਕ ਸਬੰਧਾਂ ਬਾਰੇ ਜਾਣਕਾਰੀ ਹਾਸਲ ਕਰ ਸਕਣ। ਜਾਂਚ ਏਜੰਸੀ ਕ੍ਰਿਸ਼ਨੂੰ ਤੋਂ ਇਸ ਮਾਮਲੇ ਨਾਲ ਸਬੰਧਤ ਹੋਰ ਵੇਰਵੇ ਜਾਨਣ ਦੀ ਕੋਸ਼ਿਸ਼ ਕਰੇਗੀ।
ਮਾਮਲੇ ਦਾ ਸੰਖੇਪ
ਗ੍ਰਿਫ਼ਤਾਰੀ: DIG ਭੁੱਲਰ ਅਤੇ ਵਿਚੋਲੇ ਕ੍ਰਿਸ਼ਨੂੰ ਸ਼ਾਰਦਾ ਨੂੰ CBI ਨੇ 16 ਅਕਤੂਬਰ ਨੂੰ ਇੱਕ ਸਕਰੈਪ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ।
ਇਲਜ਼ਾਮ: ਸ਼ਿਕਾਇਤਕਰਤਾ ਨੇ ਇਲਜ਼ਮ ਲਾਇਆ ਸੀ ਕਿ DIG ਭੁੱਲਰ ਉਸਦੇ ਖ਼ਿਲਾਫ਼ ਦਰਜ FIR ਨੂੰ ਨਿਪਟਾਉਣ ਅਤੇ ਉਸਦੇ ਕਾਰੋਬਾਰ ਨੂੰ ਚੱਲਦਾ ਰੱਖਣ ਬਦਲੇ ਕ੍ਰਿਸ਼ਨੂੰ ਰਾਹੀਂ ਮਹੀਨਾਵਾਰ ‘ਸੇਵਾ-ਪਾਣੀ’ ਦੀ ਮੰਗ ਕਰ ਰਿਹਾ ਸੀ।
ਭੁੱਲਰ ਦੇ ਟਿਕਾਣਿਆਂ ’ਤੇ ਛਾਪੇਮਾਰੀ ਦੌਰਾਨ CBI ਨੂੰ ਹੁਣ ਤੱਕ ਲਗਭਗ ₹7.50 ਕਰੋੜ ਨਕਦ, 2.5 ਕਿਲੋ ਸੋਨਾ, 22 ਲਗਜ਼ਰੀ ਘੜੀਆਂ ਅਤੇ 50 ਤੋਂ ਵੱਧ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਹੋਏ ਹਨ।
ਕ੍ਰਿਸ਼ਨੂੰ ਦੇ ਇਸ ਕੇਸ ਵਿੱਚ ਹੋਰ ਅਧਿਕਾਰੀਆਂ ਨਾਲ ਸੰਭਾਵਿਤ ਸਬੰਧਾਂ ਦੇ ਚੱਲਦਿਆਂ, CBI ਇਸ ਜਾਂਚ ਦੇ ਦਾਇਰੇ ਨੂੰ ਹੋਰ ਵਧਾਉਣ ’ਤੇ ਕੰਮ ਕਰ ਰਹੀ ਹੈ।

