ਚੰਡੀਗੜ੍ਹ : ਚੰਡੀਗੜ੍ਹ ਗ੍ਰੀਨ ਪਬਲਿਕ ਟਰਾਂਸਪੋਰਟ ਸ਼ਹਿਰ ਬਣਨ ਲਈ ਕਈ ਨਵੇਂ ਕਦਮ ਚੁੱਕ ਰਿਹਾ ਹੈ। ਇਸੇ ਤਹਿਤ ਹੁਣ ਚੰਡੀਗੜ੍ਹ ਵਿੱਚ ਡੀਜ਼ਲ ਵਾਲੀਆਂ ਬੱਸਾਂ ਚੱਲਣੀਆਂ ਬੰਦ ਹੋ ਜਾਣਗੀਆਂ। ਚੰਡੀਗੜ੍ਹ ਪ੍ਰਸ਼ਾਸਨ ਨੇ ਅਪ੍ਰੈਲ 2023 ਤੱਕ ਸਾਰੀਆਂ ਸਿਟੀ ਬੱਸਾਂ ਨੂੰ ਸੀ.ਐੱਨ.ਜੀ. ਵਿੱਚ ਤਬਦੀਲ ਕਰਨ ਦਾ ਟੀਚਾ ਰੱਖਿਆ ਹੈ।
ਫਿਲਹਾਲ ਸੀਟੀਯੂ ਕੋਲ ਕੋਈ ਵੀ ਸੀਐਨਜੀ ਬੱਸ ਨਹੀਂ ਹੈ। ਇੱਥੇ ਸਿਰਫ 40 ਇਲੈਕਟ੍ਰਿਕ ਬੱਸਾਂ ਨੂੰ ਛੱਡ ਕੇ ਬਾਕੀ ਸਾਰੀਆਂ ਡੀਜ਼ਲ ਨਾਲ ਚੱਲਣ ਵਾਲੀਆਂ ਹਨ। ਹੁਣ ਸਿਟੀ ਸਰਵਿਸ ਦੀਆਂ ਸਾਰੀਆਂ ਬੱਸਾਂ ਨੂੰ ਸੀਐਨਜੀ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਹ ਸਾਰਾ ਕੰਮ ਪੜਾਅ ਦਰ ਪੜਾਅ ਪੂਰਾ ਕੀਤਾ ਜਾਵੇਗਾ।
ਫਰਮ ਨੂੰ ਪਹਿਲੇ 100 ਦਿਨ ਕੇਂਦਰ ਸਰਕਾਰ ਤੋਂ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਲੈਣੀਆਂ ਪੈਣਗੀਆਂ। ਡੀਜ਼ਲ ਬੱਸਾਂ ‘ਚ ਰੀਟਰੋਫਿਟਿੰਗ ਕਿੱਟਾਂ ਲਗਾਉਣ ਲਈ ਕੇਂਦਰ ਸਰਕਾਰ ਤੋਂ ਕਈ ਤਰ੍ਹਾਂ ਦੀਆਂ ਪ੍ਰਵਾਨਗੀਆਂ ਲੈਣੀਆਂ ਪੈਂਦੀਆਂ ਹਨ, ਜੋ ਬੇਹੱਦ ਜ਼ਰੂਰੀ ਹਨ। ਸਭ ਤੋਂ ਜ਼ਰੂਰੀ ਇਹ ਮਨਜ਼ੂਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਤੋਂ ਲਈ ਜਾਵੇਗੀ। ਇਨ੍ਹਾਂ ਸਾਰੀਆਂ ਪ੍ਰਵਾਨਗੀਆਂ ਲੈਣ ਦੀ ਜ਼ਿੰਮੇਵਾਰੀ ਫਰਮ ਦੀ ਹੀ ਹੋਵੇਗੀ। ਜਾਣਕਾਰੀ ਮੁਤਾਬਕ ਪਹਿਲੇ 30 ਦਿਨਾਂ ਵਿੱਚ 65 ਬੱਸਾਂ ‘ਚ ਰੀਟਰੋਫਿਟਿੰਗ ਸੀਐਨਜੀ ਕਿੱਟਾਂ ਫਿੱਟ ਕੀਤੀਆਂ ਜਾਣਗੀਆਂ ਅਤੇ ਇਸ ਤੋਂ ਬਾਅਦ ਹਰ 30 ਦਿਨਾਂ ‘ਚ 65 ਬੱਸਾਂ ਬਦਲ ਦਿੱਤੀਆਂ ਜਾਣਗੀਆਂ।
ਚੰਡੀਗੜ੍ਹ ਸਿਟੀ ਬੱਸ ਸਰਵਿਸ ਸੁਸਾਇਟੀ ਨੇ ਫੈਸਲਾ ਕੀਤਾ ਹੈ ਕਿ ਹੁਣ ਭਵਿੱਖ ਵਿੱਚ ਕੋਈ ਵੀ ਡੀਜ਼ਲ ਬੱਸ ਚੰਡੀਗੜ੍ਹ ਵਿੱਚ ਨਹੀਂ ਖਰੀਦੀ ਜਾਵੇਗੀ। ਜੋ ਵੀ ਬੱਸ ਖਰੀਦੀ ਜਾਵੇਗੀ, ਉਹ ਇਲੈਕਟ੍ਰਿਕ ਹੀ ਹੋਵੇਗੀ। ਹਾਲਾਂਕਿ 270 ਡੀਜ਼ਲ ਬੱਸਾਂ ਨੂੰ ਸੀਐਨਜੀ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਨ੍ਹਾਂ 80 ਇਲੈਕਟ੍ਰਿਕ ਬੱਸਾਂ ਵਿੱਚੋਂ 41 ਫਿਲਹਾਲ ਚੱਲ ਰਹੀਆਂ ਹਨ ਜਦਕਿ ਜਲਦ ਹੀ 39 ਹੋਰ ਬੱਸਾਂ ਚਲਾਈਆਂ ਜਾਣਗੀਆਂ, ਜਿਸ ਦੀ ਤਿਆਰੀ ਕੀਤੀ ਜਾ ਰਹੀ ਹੈ।