Punjab

ਡਿਬਰੂਗੜ੍ਹ ਜੇਲ੍ਹ ‘ਚ ਸਿੱਖ ਕੈਦੀਆਂ ਦੀ ਭੁੱਖ ਹੜਤਾਲ ‘ਤੇ ਜੇਲ੍ਹ ਪ੍ਰਸ਼ਾਸਨ ਦਾ ਵੱਡਾ ਬਿਆਨ !

ਬਿਊਰੋ ਰਿਪੋਰਟ : ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਭੁੱਖ ਹੜਤਾਲ ਬਾਰੇ ਪਤਨੀ ਕਿਰਨਦੀਪ ਕੌਰ ਦੇ ਬਿਆਨ ਤੋਂ ਬਾਅਦ ਹੁਣ ਡਿਬੜੂਗੜ੍ਹ ਜੇਲ੍ਹ ਪ੍ਰਸ਼ਾਸਨ ਦੀ ਸਫ਼ਾਈ ਸਾਹਮਣੇ ਆਈ ਹੈ। ਜੇਲ੍ਹ ਦੇ ਡੀਜੀ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਜੇਲ੍ਹ ਵਿੱਚ ਕਿਸੇ ਤਰ੍ਹਾਂ ਦੀ ਭੁੱਖ ਹੜਤਾਲ ਨਹੀਂ ਹੈ।

ਉਨ੍ਹਾਂ ਕਿਹਾ ਅਸਾਮ ਦੇ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਕਿਸੇ ਵੀ ਕੈਦੀ ਨੂੰ ਜੇਲ੍ਹ ਵਿੱਚੋਂ ਮੋਬਾਈਲ ਦੇ ਜ਼ਰੀਏ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤਾ ਜਾਂਦੀ ਹੈ, ਸਿਰਫ਼ ਪਰਿਵਾਰ ਨੂੰ ਹਰ ਹਫ਼ਤੇ ਮਿਲਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਉੱਧਰ SP ਨੇ ਕਿਹਾ ਹੈ ਕਿ ਉਨ੍ਹਾਂ ਨੂੰ ਖ਼ਬਰ ਮਿਲੀ ਸੀ ਕਿ 29 ਜੂਨ ਨੂੰ ਕਿਰਨਦੀਪ ਕੌਰ ਆਪਣੇ ਪਤੀ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਆਈ ਸੀ ਤਾਂ ਉਹ ਜੇਲ੍ਹ ਬਾਹਰ ਹੜਤਾਲ ‘ਤੇ ਬੈਠਣਾ ਚਾਹੁੰਦੀ ਸੀ, ਪਰ ਉਹ ਹੋ ਨਹੀਂ ਸਕਿਆ ।

ਕਿਰਨਦੀਪ ਕੌਰ ਦਾ ਇਹ ਇਲਜ਼ਾਮ

ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਹਰ ਵੀਰਵਾਰ ਪਰਿਵਾਰ ਨਾਲ ਮਿਲਣ ਦੀ ਇਜਾਜ਼ਤ ਹੈ। ਜਦੋਂ 29 ਜੂਨ ਦਿਨ ਵੀਰਵਾਰ ਨੂੰ ਪਤਨੀ ਕਿਰਨਦੀਪ ਕੌਰ ਮਿਲਣ ਆਈ ਸੀ ਤਾਂ ਉਨ੍ਹਾਂ ਦੇ ਦੱਸਿਆ ਸੀ ਕਿ ਪਤੀ ਅਤੇ ਹੋਰ ਸਿੰਘ ਫ਼ੋਨ ਅਤੇ ਖਾਣੇ ਵਿੱਚ ਤੰਬਾਕੂ ਮਿਲਣ ਦੀ ਵਜ੍ਹਾ ਕਰਕੇ 28 ਜੂਨ ਤੋਂ ਭੁੱਖ ਹੜਤਾਲ ਤੇ ਬੈਠੇ ਹਨ ।

ਕਿਰਨਦੀਪ ਕੌਰ ਨੇ ਕਿਹਾ ਸੀ ਕਿ ਜੇਲ੍ਹ ਵਿੱਚੋਂ ਮੋਬਾਈਲ ‘ਤੇ ਗੱਲ ਨਾ ਕਰਨ ਦੇਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਹਰ ਹਫ਼ਤੇ ਡਿਬਰੂਗੜ੍ਹ ਆਉਣਾ ਪੈਂਦਾ ਹੈ, ਜਿਸ ਵਿੱਚ 30 ਤੋਂ 40 ਹਜ਼ਾਰ ਦਾ ਖਰਚਾ ਹੁੰਦਾ ਹੈ। ਜਦਕਿ ਪੰਜਾਬ ਦੇ ਜੇਲ੍ਹ ਮੈਨੂਅਲ ਮੁਤਾਬਿਕ ਕੈਦੀਆਂ ਨੂੰ ਪਰਿਵਾਰ ਨਾਲ ਹਫ਼ਤੇ ਵਿੱਚ 1 ਵਾਰ ਗੱਲ ਕਰਨ ਦੀ ਇਜਾਜ਼ਤ ਹੁੰਦੀ ਹੈ ਜਦਕਿ ਡਿਬਰੂਗੜ੍ਹ ਜੇਲ੍ਹ ਵਿੱਚ ਸਿੱਖ ਕੈਦੀਆਂ ਨੂੰ ਇਹ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਸੀ ਕਿ ਵਕੀਲਾਂ ਅਤੇ ਪਰਿਵਾਰ ਨਾਲ ਕੇਸ ਬਾਰੇ ਗੱਲ ਕਰਨੀ ਹੁੰਦੀ ਹੈ,ਅਜਿਹੇ ਵਿੱਚ ਜੇਲ੍ਹ ਪ੍ਰਸ਼ਾਸਨ ਨੂੰ ਇਜਾਜ਼ਤ ਦੇਣੀ ਚਾਹੀਦੀ ਹੈ। ਉੱਧਰ ਸਿੱਖ ਕੈਦੀਆਂ ਦੇ ਵਕੀਲ ਦਾ ਵੀ ਦਾਅਵਾ ਹੈ ਕਿ ਕਿਉਂਕਿ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੈਦੀ ਪੰਜਾਬ ਦੇ ਹਨ ਤਾਂ ਜੇਲ੍ਹ ਮੈਨੂਅਲ ਵੀ ਪੰਜਾਬ ਦਾ ਹੀ ਲਾਗੂ ਹੋਵੇਗਾ, ਉਨ੍ਹਾਂ ਦੇ ਕਲਾਈਂਟ ‘ਤੇ 7 ਤੋਂ 8 ਕੇਸ ਸਨ। ਹਰ ਇੱਕ ਕੇਸ ਦੇ ਲਈ ਡਿਬਰੂਗੜ੍ਹ ਆਉਣਾ ਅਤੇ ਸਲਾਹ ਕਰਨਾ ਮੁਸ਼ਕਿਲ ਹੈ। ਉੱਧਰ ਦਲਜੀਤ ਕਲਸੀ ਦੀ ਪਤਨੀ ਨੇ ਵੀ ਫੇਸਬੁੱਕ ਪੋਸਟ ਜਾਰੀ ਕਰਕੇ ਪਤੀ ਦੇ ਭੁੱਖ ਹੜਤਾਲ ‘ਤੇ ਬੈਠੇ ਹੋਣ ਬਾਰੇ ਜਾਣਕਾਰੀ ਦਿੱਤੀ ਹੈ ।

ਦਲਜੀਤ ਕਲਸੀ ਦੀ ਪਤਨੀ ਦਾ ਬਿਆਨ

ਦਲਜੀਤ ਕਲਸੀ ਦੀ ਪਤਨੀ ਨਰਿੰਦਰ ਕੌਰ ਨੇ ਫੇਸਬੁੱਕ ਪੋਸਟ ਪਾ ਕੇ ਲਿਖਿਆ ਹੈ ਕਿ ‘ਮੈਂ ਆਪਣੇ ਪਤੀ ਦਲਜੀਤ ਕਲਸੀ ਦੇ ਨਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਮੁਲਾਕਾਤ ਕੀਤੀ ਪਤਾ ਲੱਗਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਦਲਜੀਤ ਕਲਸੀ ਹੋਰ ਸਿੰਘਾਂ ਨਾਲ ਬੁਨਿਆਦੀ ਸਹੂਲਤਾਂ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠੇ ਹਨ, ਉਨ੍ਹਾਂ ਨੂੰ ਪਰਿਵਾਰਾਂ ਅਤੇ ਵਕੀਲਾਂ ਨਾਲ ਫ਼ੋਨ ਤੇ ਗੱਲਬਾਤ ਦੀ ਸਹੂਲਤ ਨਹੀਂ ਮਿਲ ਰਹੀ ਹੈ, ਇਸ ਵਜ੍ਹਾ ਨਾਲ ਉਨ੍ਹਾਂ ਦੇ ਕੇਸ ਲੜਨ ਵਿੱਚ ਭਾਰੀ ਦਿੱਕਤਾਂ ਆ ਰਹੀਆਂ ਹਨ,ਜੇਲ੍ਹ ਵਿੱਚ ਕਈ ਸਹੂਲਤਾਂ ਦੀ ਘਾਟ ਹੈ ਜਿਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।’