Punjab

ਪਟਿਆਲਾ ਦੇ ਇੱਕ ਪਿੰਡ ਵਿੱਚ ਡਾਇਰੀਆ ਦਾ ਕਹਿਰ ਜਾਰੀ

ਪਟਿਆਲਾ ਦੇ ਪਿੰਡ ਅਲੀਪੁਰ ਅਰਾਈਆਂ ਵਿੱਚ ਡਾਇਰੀਆ ਦਾ ਪ੍ਰਕੋਪ ਜਾਰੀ ਹੈ, ਜਿੱਥੇ ਤਿੰਨ ਨਵੇਂ ਮਾਮਲਿਆਂ ਨਾਲ ਮਰੀਜ਼ਾਂ ਦੀ ਗਿਣਤੀ 145 ਤੋਂ ਵੱਧ ਗਈ ਹੈ। ਸਿਹਤ ਵਿਭਾਗ ਦਾ ਦਾਅਵਾ ਹੈ ਕਿ ਜ਼ਿਆਦਾਤਰ ਮਰੀਜ਼ ਠੀਕ ਹੋ ਚੁੱਕੇ ਹਨ, ਪਰ ਨਵੇਂ ਮਰੀਜ਼ਾਂ ਦਾ ਲਗਾਤਾਰ ਮਿਲਣਾ ਚਿੰਤਾਜਨਕ ਹੈ।

ਸਿਹਤ ਵਿਭਾਗ ਅਤੇ ਨਗਰ ਨਿਗਮ ਦੀਆਂ ਟੀਮਾਂ ਫੀਲਡ ਵਿੱਚ ਕੰਮ ਕਰ ਰਹੀਆਂ ਹਨ, ਪਾਣੀ ਅਤੇ ਸੀਵਰੇਜ ਲਾਈਨਾਂ ਦੀ ਜਾਂਚ ਕਰਦਿਆਂ ਨਾਜਾਇਜ਼ ਕੁਨੈਕਸ਼ਨਾਂ ਨੂੰ ਬੰਦ ਕਰ ਰਹੀਆਂ ਹਨ। ਨਗਰ ਨਿਗਮ ਨੇ ਰਾਤ ਸਮੇਂ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਅਨੁਸਾਰ, ਇਲਾਕੇ ਵਿੱਚ ਲਗਭਗ 1000 ਘਰ ਹਨ, ਪਰ ਸਿਰਫ 45 ਪਾਣੀ ਅਤੇ ਸੀਵਰੇਜ ਕੁਨੈਕਸ਼ਨ ਰੈਗੂਲਰ ਹਨ, ਬਾਕੀ ਸਾਰੇ ਨਾਜਾਇਜ਼ ਹਨ।

ਨਿਗਮ ਨੇ 400 ਨਾਜਾਇਜ਼ ਕੁਨੈਕਸ਼ਨਾਂ ਦੀ ਸੂਚੀ ਤਿਆਰ ਕੀਤੀ ਹੈ। ਕਮਿਸ਼ਨਰ ਪਰਮਵੀਰ ਸਿੰਘ ਨੇ ਸਖ਼ਤ ਹੁਕਮ ਦਿੱਤੇ ਹਨ ਕਿ ਜਿਹੜੇ ਲੋਕ ਕੁਨੈਕਸ਼ਨ ਰੈਗੂਲਰ ਨਹੀਂ ਕਰਵਾਉਂਦੇ, ਉਨ੍ਹਾਂ ਦੇ ਕੁਨੈਕਸ਼ਨ ਬੰਦ ਕਰ ਦਿੱਤੇ ਜਾਣ। ਇਸ ਤੋਂ ਇਲਾਵਾ, ਪਿਛਲੇ ਦਿਨੀਂ ਕਰਮਚਾਰੀਆਂ ਦੀ ਹੜਤਾਲ ਕਾਰਨ ਸੀਵਰੇਜ ਬਲਾਕ ਦੀ ਸਮੱਸਿਆ ਵੀ ਸਾਹਮਣੇ ਆਈ। ਨਗਰ ਨਿਗਮ ਅਤੇ ਸਿਹਤ ਵਿਭਾਗ ਸਥਿਤੀ ਨੂੰ ਕੰਟਰੋਲ ਕਰਨ ਲਈ ਲਗਾਤਾਰ ਯਤਨ ਕਰ ਰਹੇ ਹਨ।