Punjab

ਮੁਹਾਲੀ ’ਚ ਡਾਇਰੀਆ ਤੇ ਹੈਜ਼ੇ ਦਾ ਖਤਰਾ! ਹੁਣ ਤੱਕ 21 ਮਰੀਜ਼ ਆਏ ਸਾਹਮਣੇ, ਡੀਸੀ ਵੱਲੋਂ ਜਾਂਚ ਦੇ ਹੁਕਮ

ਬਿਉਰੋ ਰਿਪੋਰਟ: ਬਰਸਾਤ ਦੇ ਮੌਸਮ ਦੌਰਾਨ ਪਾਣੀ ਦੇ ਪ੍ਰਦੂਸ਼ਣ ਕਾਰਨ ਮੁਹਾਲੀ ਵਿੱਚ ਡਾਇਰੀਆ ਅਤੇ ਹੈਜ਼ੇ ਦੇ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਹੁਣ ਤੱਕ ਹੈਜ਼ੇ ਦੇ 20 ਅਤੇ ਡਾਇਰੀਆ ਦਾ ਇੱਕ ਕੇਸ ਸਾਹਮਣੇ ਆਇਆ ਹੈ। ਜਿਨ੍ਹਾਂ ਵਿੱਚੋਂ ਡਾਇਰੀਆ ਦੇ 8 ਅਤੇ ਹੈਜ਼ੇ ਦੇ 1 ਮਰੀਜ਼ ਮੁਹਾਲੀ ਦੇ ਹਸਪਤਾਲ ਵਿੱਚ ਇਲਾਜ ਅਧੀਨ ਹਨ। ਮੁਹਾਲੀ ਦੇ ਪਿੰਡ ਕੁੰਭੜਾ ਵਿੱਚ ਦੂਸ਼ਿਤ ਪਾਣੀ ਕਾਰਨ ਇਹ ਬਿਮਾਰੀ ਵੱਧਦੀ ਜਾ ਰਹੀ ਹੈ। ਮੁਹਾਲੀ ਦੀ ਡੀਸੀ ਆਸ਼ਿਕਾ ਜੈਨ ਨੇ ਮੌਕੇ ’ਤੇ ਜਾ ਕੇ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।

ਜ਼ਮੀਨਦੋਜ਼ ਪਾਣੀ ਦੀ ਟੈਂਕੀ ਵਿੱਚੋਂ ਆ ਰਿਹਾ ਦੂਸ਼ਿਤ ਪਾਣੀ

ਮੌਕੇ ’ਤੇ ਮੌਜੂਦ ਨਗਰ ਨਿਗਮ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਡੀਸੀ ਆਸ਼ਿਕਾ ਜੈਨ ਨੂੰ ਦੱਸਿਆ ਕਿ ਲੋਕਾਂ ਨੇ ਆਪਣੇ ਘਰਾਂ ਵਿੱਚ ਪਾਣੀ ਸਟੋਰ ਕਰਨ ਲਈ ਜ਼ਮੀਨਦੋਜ਼ ਪਾਣੀ ਦੀਆਂ ਟੈਂਕੀਆਂ ਬਣਾਈਆਂ ਹੋਈਆਂ ਹਨ। ਜਿਨ੍ਹਾਂ ਦੀ ਲਗਾਤਾਰ ਸਫ਼ਾਈ ਨਹੀਂ ਕੀਤੀ ਜਾ ਰਹੀ। ਇਸ ਲਈ ਇਨ੍ਹਾਂ ਦੇ ਅੰਦਰ ਦਾ ਪਾਣੀ ਦੂਸ਼ਿਤ ਹੋ ਰਿਹਾ ਹੈ। ਹੁਣ ਇਸ ਪੂਰੇ ਇਲਾਕੇ ਵਿੱਚ ਪਾਣੀ ਦੇ ਸੈਂਪਲ ਲਏ ਜਾ ਰਹੇ ਹਨ।

ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

ਇਸ ਸਬੰਧੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਜਦੋਂ ਤੱਕ ਬਿਮਾਰੀ ’ਤੇ ਕਾਬੂ ਨਹੀਂ ਪਾਇਆ ਜਾਂਦਾ, ਉਦੋਂ ਤੱਕ ਟੈਂਕਰਾਂ ਰਾਹੀਂ ਲੋਕਾਂ ਨੂੰ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾਵੇ। ਇਸ ਦੇ ਲਈ ਇਲਾਕੇ ਵਿੱਚ ਲਗਾਤਾਰ ਸਿਹਤ ਕੈਂਪ ਲਗਾਉਣ ਦੇ ਆਦੇਸ਼ ਵੀ ਦਿੱਤੇ ਗਏ ਹਨ। ਪ੍ਰਸ਼ਾਸਨ ਨੂੰ ਡਰ ਹੈ ਕਿ ਜੇ ਇਹ ਬਿਮਾਰੀ ਇਸੇ ਤਰ੍ਹਾਂ ਵਧਦੀ ਰਹੀ ਤਾਂ ਇਹ ਕਾਬੂ ਤੋਂ ਬਾਹਰ ਹੋ ਸਕਦੀ ਹੈ। ਇਸ ਲਈ ਇਸ ਨੂੰ ਸ਼ੁਰੂਆਤੀ ਪੱਧਰ ’ਤੇ ਹੀ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ।

ਸਿਵਲ ਹਸਪਤਾਲ ਵਿੱਚ ਅਜਿਹੇ ਮਰੀਜ਼ਾਂ ਲਈ ਪੁਖ਼ਤਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਡੀਸੀ ਨੇ ਲੋਕਾਂ ਨੂੰ ਇਸ ਮੌਸਮ ਵਿੱਚ ਉਬਲੇ ਹੋਏ ਪਾਣੀ ਦੀ ਹੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਕਲੋਰੀਨ ਵਾਲਾ ਪਾਣੀ ਪੀਣ ਲਈ ਲੈਣਾ ਚਾਹੀਦਾ ਹੈ।

ਇਹ ਵੀ ਪੜ੍ਹੋ – 50 ਪਿੰਡਾਂ ਨੂੰ ਜੋੜਨ ਵਾਲੇ ਪੁਲ਼ ਦੀ ਤੁਰੰਤ ਮੁਰੰਮਤ ਕਰਾਉਣ ਦੀ ਅਪੀਲ! ਬਾਜਵਾ ਨੇ ਲੋਕ ਨਿਰਮਾਣ ਮੰਤਰੀ ਨੂੰ ਲਿਖੀ ਚਿੱਠੀ