‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ।। ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੇ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਇਹ ਫੈਸਲਾ ਲਿਆ ਹੈ ਅਤੇ ਕੱਲ੍ਹ ਪਾਰਟੀ ਦੀ ਮੀਟਿੰਗ ‘ਚ ਉਹ ਅਸਤੀਫ਼ਾ ਦੇ ਦੇਣਗੇ। ਢੀਂਡਸਾ ਨੇ ਕਿਹਾ ਕਿ ਜੇ ਮੈਂ ਕਿਸੇ ਪਾਰਟੀ ਦੇ ਹਾਰਨ ਉੱਤੇ ਉਸ ਮੰਤਰੀ ਤੋਂ ਅਸਤੀਫ਼ਾ ਮੰਗ ਸਕਦਾ ਹਾਂ ਤਾਂ ਫਿਰ ਮੇਰੀ ਪਾਰਟੀ ਵੀ ਹਾਰੀ ਹੈ ਜਿਸ ਕਰਕੇ ਮੈਂ ਵੀ ਅਸਤੀਫ਼ਾ ਦੇਵਾਂਗਾ। ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੀ ਹਾਰ ‘ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਸੁਖਬੀਰ ਨੂੰ ਹਟਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਸੁਖਬੀਰ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਖ਼ਤਮ ਹੋ ਜਾਵੇਗਾ, ਅਕਾਲੀ ਦਲ ਵਿੱਚ ਜੋ ਵੀ ਥੋੜੀ ਬਹੁਤੀ ਜਾਨ ਹੈ, ਉਹ ਵੀ ਚਲੀ ਜਾਵੇਗੀ। ਇਸੇ ਲਈ ਮੈਂ ਅਕਾਲੀ ਦਲ ਨੂੰ ਛੱਡਿਆ ਸੀ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ 94 ਸਾਲ ਦੀ ਉਮਰ ‘ਚ ਚੋਣ ਨਹੀਂ ਲੜਣੀ ਚਾਹੀਦੀ ਸੀ। ਪ੍ਰਕਾਸ਼ ਬਾਦਲ ਆਪਣੀ ਅਖੀਰਲੀ ਚੋਣ ਹਾਰ ਕੇ ਜਾ ਰਹੇ ਹਨ ਜਿਸਦਾ ਸਭ ਨੂੰ ਦੁੱਖ ਹੈ।