‘ਦ ਖ਼ਾਲਸ ਬਿਊਰੋ:- ਸਾਬਕਾ ਅਕਾਲੀ ਵਿਧਾਇਕ ਰਣਜੀਤ ਸਿੰਘ ਤਲਵੰਡੀ ਅੱਜ ਆਪਣੇ ਸਾਥੀਆਂ ਸਮੇਤ ਸੁਖਦੇਵ ਸਿੰਘ ਢੀਂਡਸਾ ਦੀ ਨਵੀਂ ਅਕਾਲੀ ਦਲ ਡੈਮੋਕ੍ਰੇਟਿਕ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।
ਰਣਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਕਾਰਪੋਰੇਟ ਘਰਾਣਿਆਂ ਦੀ ਪਾਰਟੀ ਬਣਾ ਦਿੱਤਾ ਹੈ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਣਦੇਖੀ ਦਾ ਸ਼ਿਕਾਰ ਹੋਏ ਸਾਰੇ ਪੁਰਾਣੇ ਸਾਥੀਆਂ ਅਤੇ ਵਫਾਦਾਰ ਵਰਕਰਾਂ ਨੂੰ ਪੰਥ ਦੀ ਸੇਵਾ ਕਰਨ ਲਈ ਉਨ੍ਹਾਂ ਨੂੰ ਮਨਾਉਣ ਲਈ ਉਹ ਘਰ-ਘਰ ਜਾਣਗੇ। ਢੀਂਡਸਾ ਨੇ ਕਿਹਾ ਕਿ ਰਣਜੀਤ ਬ੍ਰਹਮਪੁਰਾ ਦੇ ਨਾਲ ਵੀ ਅਜੇ ਸਾਡੀ ਗੱਲਬਾਤ ਜਾਰੀ ਹੈ।
ਐੱਸਜੀਪੀਸੀ ਚੋਣਾਂ ‘ਤੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਸਾਡੀ ਪਾਰਟੀ ਖੁਦ ਧਾਰਮਿਕ ਚੋਣ ਨਹੀਂ ਲੜੇਗੀ ਪਰ ਉਹ ਐੱਸਜੀਪੀਸੀ ਚੋਣਾਂ ‘ਚ ਸਾਂਝੀ ਵਿਚਾਰਧਾਰਾ ਵਾਲਿਆਂ ਨੂੰ ਸਮਰਥਨ ਦੇਵੇਗੀ।
ਇਸ ਮੌਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਬੀਬੀ ਪਰਮਜੀਤ ਕੌਰ ਗੁਲਸ਼ਨ, ਨਿਧੱੜਕ ਸਿੰਘ ਬਰਾੜ, ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ, ਟਕਸਾਲੀ ਆਗੂ ਜਥੇਦਾਰ ਗੁਰਸੇਵ ਸਿੰਘ ਹਰਪਾਲਪੁਰ, ਗਗਨਪ੍ਰੀਤ ਸਿੰਘ ਬੈਂਸ ਤੇ ਫੈਡਰੇਸ਼ਨ ਆਗੂ ਗੁਰਵਿੰਦਰ ਸਿੰਘ ਡੂਮਛੇੜੀ ਸਮੇਤ ਵੱਡੀ ਗਿਣਤੀ ਵਿੱਚ ਤਲਵੰਡੀ ਦੇ ਸਮਰਥਕ ਹਾਜ਼ਰ ਸਨ। ਢੀਂਡਸਾ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਯੂਨਾਈਟਿਡ ਅਕਾਲੀ ਦਲ ਵੀ ਸਾਡੀ ਪਾਰਟੀ ਵਿੱਚ ਜੁੜਨ ਜਾ ਰਹੀ ਹੈ।