Punjab Religion

ਫਰਜ਼ੀ ਪਾਸਟਰਾਂ ਦੀ ਹੈਵਾਨੀਅਤ ਬੇਨਕਾਬ! ਕਬਰਸਤਾਨ ਤੋਂ ਕੱਢੀ ਗਈ ਲਾਸ਼! ਜਾਣ ਕੇ ਉੱਠ ਜਾਣਗੇ ਹੋਸ਼

ਧਾਰੀਵਾਲ: ਥਾਣਾ ਧਾਰੀਵਾਲ ਅਧੀਨ ਪਿੰਡ ਸਿੰਘਪੁਰਾ ਵਿੱਚ ਭੂਤ ਕੱਢਣ ਦੇ ਨਾਂ ’ਤੇ ਇੱਕ ਬਿਮਾਰ ਨੌਜਵਾਨ ਦੀ ਇਸ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਕਿ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦੋ ਪਾਦਰੀ ਅਤੇ ਸਾਥੀ ਬਿਮਾਰ ਨੌਜਵਾਨ ਲਈ ਦੁਆ ਕਰਨ ਆਏ ਸਨ। ਇਨ੍ਹਾਂ ਨੇ ਹੀ ਭੂਤ ਕੱਢਣ ਦੇ ਨਾਂ ’ਤੇ ਨੌਜਵਾਨ ਦੀ ਕਾਫੀ ਕੁੱਟਮਾਰ ਕੀਤੀ ਤੇ ਉਸ ਨੂੰ ਮੁਕਾ ਹੀ ਦਿੱਤਾ।

ਮ੍ਰਿਤਕ ਨੌਜਵਾਨ ਦੀ ਪਛਾਣ ਸੈਮੂਅਲ ਮਸੀਹ (30) ਪੁੱਤਰ ਮੰਗਾ ਮਸੀਹ ਵਜੋਂ ਹੋਈ ਹੈ। ਮ੍ਰਿਤਕ ਸੈਮੂਅਲ ਦੇ ਪਰਿਵਾਰ ਵਿੱਚ ਪਤਨੀ ਅਤੇ ਦੋ ਛੋਟੇ ਬੱਚੇ ਹਨ। ਪਰਿਵਾਰਕ ਮੈਂਬਰਾਂ ਨੇ ਸੈਮੂਅਲ ਦੀ ਲਾਸ਼ ਨੂੰ ਪਿੰਡ ਦੇ ਕਬਰਸਤਾਨ ਵਿੱਚ ਦਫ਼ਨਾ ਦਿੱਤਾ ਹੈ।

ਇਸ ਬਾਰੇ ਥਾਣਾ ਧਾਰੀਵਾਲ ਦੇ ਮੁਖੀ ਇੰਸਪੈਕਟਰ ਬਲਜੀਤ ਕੌਰ ਨੇ ਪੁਲਿਸ ਪਾਰਟੀ ਸਮੇਤ ਪਿੰਡ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਇਸ ਦੌਰਾਨ ਮ੍ਰਿਤਕ ਦੀ ਮਾਤਾ ਨੇ ਦੱਸਿਆ ਉਸ ਦਾ ਲੜਕਾ ਸੈਮੂਅਲ ਮਸੀਹ ਕਾਫੀ ਬਿਮਾਰ ਚੱਲ ਰਿਹਾ ਸੀ। ਇਸ ਲਈ ਪਰਿਵਾਰ ਵੱਲੋਂ ਜੈਕਬ ਮਸੀਹ ਉਰਫ ਜੱਕੀ ਵਾਸੀ ਸੰਘਰ ਕਲੋਨੀ ਅਤੇ ਬਲਜੀਤ ਸਿੰਘ ਉਰਫ ਸੋਨੂੰ ਵਾਸੀ ਸੁਚੈਨੀਆਂ ਨੂੰ ਦੁਆ ਕਰਨ ਵਾਸਤੇ ਬੁਲਾਇਆ ਗਿਆ ਸੀ।

21 ਅਗਸਤ ਨੂੰ ਰਾਤ ਕਰੀਬ 10 ਵਜੇ ਦੋਵੇਂ ਪਾਦਰੀ ਉਨ੍ਹਾਂ ਦੇ ਘਰ ਆਏ ਅਤੇ ਬਾਅਦ ਵਿੱਚ ਉਨ੍ਹਾਂ ਨੇ 7-8 ਹੋਰ ਵਿਅਕਤੀਆਂ ਨੂੰ ਬੁਲਾ ਲਿਆ, ਜਿਨ੍ਹਾਂ ਨੇ ਸੈਮੂਅਲ ਮਸੀਹ ਦੀ ਭੂਤ ਕੱਢਣ ਦੇ ਨਾਮ ’ਤੇ ਕਾਫੀ ਮਾਰ ਕੁਟਾਈ ਕੀਤੀ ਅਤੇ ਉਸ ਨੂੰ ਮੰਜੇ ’ਤੇ ਪਾ ਕੇ ਚਲੇ ਗਏ। ਪਰਿਵਾਰਕ ਮੈਂਬਰਾਂ ਜਦੋਂ ਦੇਖਿਆ ਤਾਂ ਉਸ ਦੀ ਮੌਤ ਚੁੱਕੀ ਸੀ।

22 ਅਗਸਤ ਨੂੰ ਪਰਿਵਾਰਕ ਮੈਂਬਰਾਂ ਨੇ ਸੈਮੂਅਲ ਦੀ ਲਾਸ਼ ਪਿੰਡ ਦੇ ਕਬਰਸਤਾਨ ਵਿੱਚ ਦਫ਼ਨਾ ਦਿੱਤੀ। ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨ ਅਨੁਸਾਰ ਜੈਕਬ ਮੀਸਹ, ਬਲਜੀਤ ਸਿੰਘ ਅਤੇ 7-8 ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 105, 190, 191(3) ਬੀਐੱਨਐੱਸ ਤਹਿਤ ਪਰਚਾ ਦਰਜ ਕਰ ਲਿਆ ਹੈ।