Punjab

ਧਨਖੜ ਦੇ ਬਿਆਨ ਨੇ ਸਿਆਸੀ ਪਾਰਟੀਆਂ ਤੇ ਖੇਤੀ ਸੰਸਥਾਵਾਂ ਨੂੰ ਦਿਖਾਇਆ ਸ਼ੀਸ਼ਾ! ਮਰਨ ਵਰਤ 9ਵੇਂ ਦਿਨ ‘ਚ ਹੋਇਆ ਸ਼ਾਮਲ

ਬਿਉਰੋ ਰਿਪੋਰਟ – ਜਗਜੀਤ ਸਿੰਘ ਡੱਲੇਵਾਲ (Jagjeet Singh Dallewal) ਦਾ ਮਰਨ ਵਰਤ ਅੱਜ 9ਵੇਂ ਦਿਨ ਵਿਚ ਪਹੁੰਚ ਗਿਆ ਹੈ। ਕਿਸਾਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਖਨੌਰੀ ਬਾਰਡਰ ਤੇ ਕਿਸਾਨਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮਾਣਯੋਗ ਉਪ ਰਾਸ਼ਟਰਪਤੀ ਜਗਦੀਪ ਧਨਖੜ ਜੀ ਨੇ ਮੁੜ ਕਿਸਾਨਾਂ ਦੇ ਮਸਲਿਆਂ ਉੱਪਰ ਬਹੁਤ ਗੰਭੀਰ ਬਿਆਨ ਦਿੱਤਾ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਖੇਤੀ ਸੰਸਥਾਵਾਂ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕੀਤਾ ਹੈ।

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ ਮਾਣਯੋਗ ਉਪ ਰਾਸ਼ਟਰਪਤੀ ਜੀ ਦੇ ਬਿਆਨਾਂ ਦਾ ਸਨਮਾਨ ਅਤੇ ਸਵਾਗਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਮਾਣਯੋਗ ਉਪ ਰਾਸ਼ਟਰਪਤੀ ਨੇ ਸਾਡੀਆਂ ਮੰਗਾਂ ਉੱਪਰ ਮੋਹਰ ਲਗਾਉਂਦੇ ਹੋਏ ਕਿਹਾ ਹੈ ਕਿ ਕਈ ਅਰਥ ਸ਼ਾਸਤਰੀਆਂ ਨਾਲ ਹੋਈ ਗੱਲਬਾਤ ਦੇ ਆਧਾਰ ‘ਤੇ ਮੈਂ ਇਹ ਕਹਿ ਰਿਹਾ ਹਾਂ ਕਿ ਐਮ.ਐਸ.ਪੀ ਗਾਰੰਟੀ ਕਾਨੂੰਨ ਬਣਾਉਣ ਨਾਲ ਦੇਸ਼ ਦੀ ਆਰਥਿਕਤਾ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਬਹੁਤ ਫਾਇਦਾ ਹੋਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਖਨੌਰੀ ਮੋਰਚੇ ਨੂੰ ਹੋਰ ਮਜ਼ਬੂਤ ​​ਕਰਨ ਲਈ ਭਲਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਨੌਜਵਾਨਾਂ ਦਾ ਇੱਕ ਵੱਡਾ ਜੱਥਾ ਖਨੌਰੀ ਮੋਰਚੇ ਉੱਪਰ ਪਹੁੰਚੇਗਾ। ਇਸ ਤੋਂ ਬਾਅਦ 7 ਦਸੰਬਰ ਤੋਂ ਹਰ ਰੋਜ ਵੱਡੇ ਜੱਥੇ ਖਨੌਰੀ ਮੋਰਚੇ ‘ਤੇ ਪਹੁੰਚਣਗੇ, ਉਨ੍ਹਾਂ ਕਿਹਾ ਕਿ 6 ਦਸੰਬਰ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ‘ਚ, ਕਰਨਾਟਕ ਅਤੇ ਤੇਲੰਗਾਨਾ ਦੀਆਂ ਰਾਜਧਾਨੀਆਂ ਵਿੱਚ ਹਰ ਰੋਜ਼ 100 ਕਿਸਾਨ ਅੰਸ਼ਕ ਤੌਰ ਤੇ ਮਰਨ ਵਰਤ ਉੱਪਰ ਬੈਠਣਗੇ।

ਇਹ ਵੀ ਪੜ੍ਹੋ – ਮਹਾਂਰਾਸਟਰ ਦੇ ਅਗਲੇ ਮੁੱਖ ਮੰਤਰੀ ਬਾਰੇ ਸਸਪੈਂਸ ਹੋਇਆ ਖਤਮ! ਕੱਲ੍ਹ ਨੂੰ ਚੁੱਕਣਗੇ ਸਹੁੰ