Punjab

CM ਮਾਨ ਦੇ ਵਿਰੋਧ ਤੋਂ ਬਾਅਦ ਵੀ ਮੈਦਾਨ ‘ਚ ਡਟੇ ਧਾਮੀ

Dhami's election campaign in favor of Akali Dal

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ ਵਾਰ ਸਵਾਲ ਚੁੱਕੇ ਜਾਣ ਤੋਂ ਬਾਅਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਚੋਣ ਪਿੜ ਵਿੱਚ ਡਟੇ ਹੋਏ ਹਨ ਅਤੇ ਮੁੱਖ ਮੰਤਰੀ ਮਾਨ ਨੂੰ ਇਤਿਹਾਸ ਪੜਨ ਦੀਆਂ ਨਸੀਹਤਾਂ ਦੇ ਰਹੇ ਹਨ। ਧਾਮੀ ਨੇ ਦੱਸਿਆ ਕਿ ਅਸੀਂ ਸੁਖਬੀਰ ਬਾਦਲ ਨੂੰ ਬੇਨਤੀ ਕੀਤੀ ਸੀ ਕਿ ਉਹ ਦੋ ਦਿਨ ਪ੍ਰਚਾਰ ਦੇ ਬਚੇ ਹਨ, ਦੋ ਦਿਨਾਂ ਲਈ ਲੋਕਾਂ ਨੂੰ ਸੰਬੋਧਨ ਕਰਨ। ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖ ਇਤਿਹਾਸ ਪੜ੍ਹਨ ਦੀ ਨਸੀਹਤ ਵੀ ਦਿੱਤੀ। ਉਹਨਾਂ ਨੇ ਕਿਹਾ ਕਿ ਝੂਠ ਬੋਲ ਕੇ ਸੱਚ ਨੂੰ ਛੁਪਾਇਆ ਨਹੀਂ ਜਾ ਸਕਦਾ। ਸਾਡੀਆਂ ਸਿੱਖ ਸੰਸਥਾਵਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀਆਂ ਸਰਪ੍ਰਸਤੀ ਹੇਠ ਚੱਲਦੀਆਂ ਹਨ ਪਰ ਉਹ ਜਥੇਦਾਰ ਉੱਤੇ ਕਿੰਤੂ ਪ੍ਰੰਤੂ ਕਰ ਰਹੇ ਹਨ।

ਚੋਣ ਪ੍ਰਚਾਰ ਵਿੱਚ ਸਿਰਫ ਸੋਮਵਾਰ ਦਾ ਦਿਨ ਬਾਕੀ ਰਹਿ ਗਿਆ ਹੈ ਤੇ ਐਤਵਾਰ ਨੂੰ ਵੱਖ ਵੱਖ ਪਾਰਟੀਆਂ ਦੇ ਲੀਡਰਾਂ ਨੇ ਚੋਣ ਪ੍ਰਚਾਰ ਦੀਆਂ ਧੂੜਾਂ ਪੱਟ ਦਿੱਤੀਆਂ। ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪਹਿਲੀ ਵਾਰ ਜਨਤਕ ਤੌਰ ਉੱਤੇ ਜਲੰਧਰ ਚੋਣ ਪ੍ਰਚਾਰ ਵਿੱਚ ਪਹੁੰਚੇ।

ਚੋਣ ਪ੍ਰਚਾਰ ਦੌਰਾਨ ਸੁਖਬੀਰ ਬਾਦਲ ਨੇ ਕਾਂਗਰਸ ਦੇ ਨਾਲ ਨਾਲ ਆਮ ਅਦਮੀ ਪਾਰਟੀ ਨੂੰ ਵੀ ਘੇਰਿਆ।  ਸੁਖਬੀਰ ਬਾਦਲ ਨੇ ਕਿਹਾ ਕਿ ਪਹਿਲਾ ਕਾਂਗਰਸ ਨੇ ਪੰਜਾਬ ਦੀ ਜਨਤਾ ਨਾਲ ਝੂਠ ਬੋਲ ਕੇ ਸਰਕਾਰ ਬਣਾਈ ਤਾਂ ਹੁਣ ਆਮ ਆਦਮੀ ਪਾਰਟੀ ਨੇ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ। ਇੱਕ ਸਾਲ ਦੀ ਕਾਰਗੁਜ਼ਾਰੀ ‘ਤੇ ਵੀ ਸੁਖੀਬੀਰ ਬਾਦਲ ਨੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਇਹ ਚੋਣ ਜਿੱਤੇ ਤਾਂ ਬੰਗਾ ਤੋਂ ਬਸਪਾ ਦਾ ਉਮੀਦਵਾਰ ਖੜਾ ਕਰਾਂਗੇ।  ਸੁਖਬੀਰ ਬਾਦਲ ਨੇ ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕੀਤਾ। ਉਨ੍ਹਾਂ ਨੇ ਪੰਜਾਬ ਦੇ ਖ਼ਜ਼ਾਨੇ ਦੀ ਸਹੀ ਵਰਤੋਂ ਕੀਤੀ। ਪੰਜਾਬ ਦੇ ਤੀਰਥ ਅਸਥਾਨਾਂ ਨੂੰ ਵਧੀਆ ਬਣਾਇਆ। ਅਕਾਲੀ ਦਲ ਅਤੇ ਬਸਪਾ ਹੀ ਸਿਰਫ਼ ਪੰਜਾਬੀਆਂ ਦੀ ਪਾਰਟੀ ਹੈ, ਬਾਕੀ ਸਾਰੀਆਂ ਪਾਰਟੀਆਂ ਬਾਹਰ ਦੀਆਂ ਹਨ। ਬਾਦਲ ਨੇ ਗਰੀਬਾਂ ਲਈ ਕਈ ਸਕੀਮਾਂ ਕੱਢੀਆਂ ਸਨ। ਕਾਂਗਰਸ ਅਤੇ ਆਪ ਨੇ ਸਕਾਲਰਸ਼ਿਪ ਸਕੀਮ ਨੂੰ ਖ਼ਤਮ ਕਰਕੇ ਸਭ ਤੋਂ ਵੱਡਾ ਪਾਪ ਕੀਤਾ।