ਬਿਉਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁੱਖ ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਇੱਕ ਵਾਰ ਮੁੜ ਤੋਂ ਆਹਮੋ-ਸਾਹਮਣੇ ਆ ਗਏ ਹਨ । ਮੋਗਾ ਵਿੱਚ ਦੀਪ ਸਿੱਧੂ ਦੀ ਬਰਸੀ ਮੌਕੇ ਭਾਈ ਅੰਮ੍ਰਿਤਪਾਲ ਸਿਘ ਨੇ ਕਿਹਾ ਕਿ ਸੀਸ ਦੇਣ ਲਈ ਤਿਆਰ ਰਹੋ,ਉਹ ਇਸ ਗੱਲ ਤੋਂ ਨਹੀਂ ਡਰਦੇ ਹਨ ਕਿ ਭਰੀ ਜਵਾਨੀ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਜਾਵੇ। ਵਾਰਿਸ ਪੰਜਾਬ ਦੇ ਮੁੱਖੀ ਦੇ ਇਸ ਬਿਆਨ ‘ਤੇ ਬਿਨਾਂ ਨਾ ਲਏ ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਨੇ ਸਵਾਲ ਕੀਤਾ ਹੈ।
ਢੱਡਰੀਆਂਵਾਲਾ ਦਾ ਭਾਈ ਅੰਮ੍ਰਿਤਪਾਲ ਨੂੰ ਸਵਾਲ
ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਨੇ ਕਿਹਾ ‘ਜਿਹੜੇ ਲੋਕ ਸਿਰ ਦੇਣ ਦੀ ਗੱਲ ਕਰਦੇ ਹਨ ਪਰ ਇਸ ਤੋਂ ਡਰਦੇ ਹਨ ਕਿ ਮੇਰੀ ਘਰ ਵਾਲੀ ਦੀ ਫੋਟੋ ਸਾਹਮਣੇ ਨਾ ਆ ਜਾਵੇ,ਕਿਉਂ ? ਕਹਿੰਦੇ ਹਨ ਕਿ ਮੇਰੀ ਘਰ ਵਾਲੀ ਦੀ ਫੋਟੋ ਕੋਈ ਮਿਸਯੂਜ਼ ਨਾ ਕਰ ਲਏ,ਜਿਹੜਾ ਬੰਦਾ ਫੋਟੋ ਨਹੀਂ ਦੇ ਸਕਦਾ ਆਪਣੇ ਬੱਚੇ ਕੌਮ ਲਈ ਕਿਵੇਂ ਕੁਰਬਾਨ ਕਰ ਸਕਦਾ ਹੈ ? ਕਹਿੰਦੇ ਹਨ ਫੋਟੋ ਨੂੰ ਕੋਈ ਛੇੜਛਾੜ ਨਾ ਕਰੇ,ਕਲਗੀਆਂ ਵਾਲੇ ਨੇ ਆਪਣੇ ਬੱਚੇ ਕੌਮ ਤੋਂ ਨਿਛਾਵਰ ਕਰ ਦਿੱਤੇ’ । ਢੱਡਰੀਆਂਵਾਲਾ ਦੇ ਇਸ ਸਵਾਲ ਦਾ ਜਵਾਬ ਵਾਰਿਸ ਪੰਜਾਬ ਦੇ ਮੁੱਖੀ ਨੇ ਤਿੱਖੇ ਅੰਦਾਜ਼ ਵਿੱਚ ਦਿੱਤਾ ਹੈ ।
ਭਾਈ ਅੰਮ੍ਰਿਤਪਾਲ ਸਿੰਘ ਦਾ ਢੱਡਰੀਆਂਵਾਲਾ ਨੂੰ ਜਵਾਬ
ਵਾਰਿਸ ਪੰਜਾਬ ਜਥੇਬੰਦੀ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ‘ਢੱਡਰੀਆਂਵਾਲਾ ਨੂੰ ਫੈਸ਼ਨ ਕਰਨ ਦੀ ਆਦਤ ਹੈ,ਫੈਸ਼ਨ ਸ਼ੋਅ ਵਾਂਗ ਤਸਵੀਰਾਂ ਖਿਚਵਾਉਂਦਾ ਦੀ ਆਦਤ ਹੈ। ਕਿਸੇ ਦੀ ਨਿੱਜੀ ਜ਼ਿੰਦਗੀ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਹੈ … ਇਹ ਅਨਪੜ੍ਹ ਅਤੇ ਬੇਵਕੂਫਾਂ ਵਾਲਾ ਕੰਮ ਹੈ’ । ਇਸ ਤੋਂ ਪਹਿਲਾਂ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਨੇ ਆਨੰਦ ਕਾਰਜ ਕਰਵਾਇਆ ਸੀ ਤਾਂ ਵੀ ਉਨ੍ਹਾਂ ਨੇ ਸਾਫ ਕਰ ਦਿੱਤਾ ਸੀ ਕਿ ਉਹ ਆਪਣੀ ਪਬਲਿਕ ਲਾਈਫ ਅਤੇ ਨਿੱਜੀ ਜ਼ਿੰਦਗੀ ਨੂੰ ਵੱਖ ਰੱਖਣਗੇ । ਇਸੇ ਲਈ ਉਨ੍ਹਾਂ ਨੇ ਵਿਆਹ ਦੀ ਫੋਟੋ ਵਿੱਚ ਪਤਨੀ ਦੀ ਤਸਵੀਰ ਨਸ਼ਰ ਨਹੀਂ ਕੀਤੀ ਸੀ । ਕਿਉਂਕਿ ਇੱਕ ਦਿਨ ਪਹਿਲਾਂ ਕਿਸੇ ਨੇ ਗਲਤ ਕੁੜੀ ਦੀ ਤਸਵੀਰ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਨਸ਼ਰ ਕਰ ਦਿੱਤੀ ਸੀ । ਵਿਆਹ ਨੂੰ ਨਿੱਜੀ ਰੱਖਣ ਦੇ ਲਈ ਭਾਈ ਅੰਮ੍ਰਿਤਪਾਲ ਸਿੰਘ ਨੇ ਅਖੀਰਲੇ ਮੌਕੇ ਆਨੰਦ ਕਾਰਜ ਦਾ ਸਥਾਨ ਵੀ ਬਦਲਿਆ ਸੀ ।
ਪਹਿਲਾਂ ਵੀ ਆਹਮੋ-ਸਾਹਮਣੇ ਹੋਏ
ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਰਣਜੀਤ ਸਿੰਘ ਢੱਡਰੀਆਂਵਾਲਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਆਹਮੋ-ਸਾਹਮਣੇ ਹੋਏ ਹੋਣ। ਢੱਡਰੀਆਂਵਾਲਾ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਕਈ ਵਾਰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਨੌਜਵਾਨਾਂ ਨੂੰ ਹਥਿਆਰ ਚੁੱਕਣ ਵਾਲੇ ਭਾਸ਼ਣਾਂ ਦਾ ਵਿਰੋਧ ਕੀਤਾ ਹੈ । ਢੱਡਰੀਆਂਵਾਲਾ ਦਾ SGPC, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦਮਦਮੀ ਟਕਸਾਲ ਨਾਲ ਵੀ ਕਈ ਵਾਰ ਵਿਵਾਦ ਸਾਹਮਣੇ ਆ ਚੁੱਕਿਆ ਹੈ । ਜਿਸ ਤੋਂ ਬਾਅਦ ਦਮਦਮੀ ਟਕਸਾਲ ਨੇ ਕਈ ਵਾਰ ਉਨ੍ਹਾਂ ਦੇ ਸਮਾਗਮਾਂ ਨੂੰ ਰੋਕਿਆ ਵੀ ਹੈ । ਉਧਰ ਬੀਜੇਪੀ ਦੇ ਆਗੂ ਹਰਜੀਤ ਸਿੰਘ ਗਰੇਵਾਲ ਨੇ ਵੀ ਢੱਡਰੀਆਵਾਲਾ ਦੇ ਬਿਆਨ ਦੀ ਹਮਾਇਤ ਕੀਤੀ ਹੈ ।
ਹਰਜੀਤ ਸਿੰਘ ਗਰੇਵਾਲ ਦੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਲਾਹ
ਰਣਜੀਤ ਸਿੰਘ ਢੱਡਰੀਆਂਵਾਲਾ ਦੇ ਬਿਆਨ ਦੀ ਬੀਜੇਪੀ ਦੇ ਆਗੂ ਹਰਜੀਤ ਸਿੰਘ ਗਰੇਵਾਲ ਨੇ ਹਮਾਇਤ ਕੀਤੀ ਹੈ । ਉਨ੍ਹਾਂ ਕਿਹਾ ਧਰਮ ਪਤਨੀ ਹਮੇਸ਼ਾ ਪਤੀ ਨੂੰ ਧਰਮ ਦੇ ਰਾਹ ‘ਤੇ ਚੱਲਣ ਦੀ ਹਿੰਮਤ ਦਿੰਦੀ ਹੈ ਅਜਿਹੇ ਵਿੱਚ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਆਪਣੀ ਪਤਨੀ ਦੀ ਫੋਟੋ ਜਨਤਕ ਕਰਨਗੇ ਤਾਂ ਇਸ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਹੈ । ਗਰੇਵਾਲ ਦੇ ਇਸ ਸਵਾਲ ‘ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਹਮਾਇਤੀ ਹਰਜੀਤ ਸਿੰਘ ਨੇ ਜਵਾਬ ਦਿੰਦੇ ਹੋਏ ਕਿਹਾ ਕੀ ਗਰੇਵਾਲ ਸਾਬ੍ਹ ਸਿਆਸੀ ਹਸਤੀ ਹੋਣ ਦੇ ਨਾਤੇ ਰੋਜ਼ ਟੀਵੀ ‘ਤੇ ਬਿਆਨ ਦਿੰਦੇ ਹਨ ਕੀ ਉਹ ਆਪਣੀ ਪਤਨੀ ਨੂੰ ਬਿਆਨ ਦੇ ਲਈ ਅੱਗੇ ਕਰ ਸਕਦੇ ਹਨ ? ਇਸ ਦੇ ਜਵਾਬ ਵਿੱਚ ਹਰਜੀਤ ਗਰੇਵਾਲ ਨੇ ਕਿਹਾ ਕਿ ਉਹ ਇਹ ਨਹੀਂ ਕਹਿ ਰਹੇ ਕਿ ਅੰਮ੍ਰਿਤਪਾਲ ਸਿੰਘ ਜ਼ਰੂਰ ਆਪਣੀ ਪਤਨੀ ਦੀ ਫੋਟੋ ਵਿਖਾਉਣ । ਪਰ ਜੇਕਰ ਉਹ ਜਨਤਕ ਕਰਦੇ ਹਨ ਤਾਂ ਇਸ ਵਿੱਚ ਕੋਈ ਹਰਜ਼ ਵੀ ਨਹੀਂ ਹੈ। ਇਹ ਉਨ੍ਹਾਂ ਦਾ ਨਿੱਜੀ ਵਿਸ਼ੇ ਹੈ । ਪਰ ਉਹ ਨੌਜਵਾਨਾਂ ਨੂੰ ਸਿਰ ਦੇਣ ਲਈ ਉਕਸਾਉਣ ਨਾ।