India Punjab

ਜਨਰਲ ਹੁੱਡਾ ਦੀ ਕਾਰ ਨੂੰ ਪੰਜਾਬ ਪੁਲਿਸ ਦੇ ਕਾਫ਼ਲੇ ਦੀ ਟੱਕਰ ਮਗਰੋਂ DGP ਪੰਜਾਬ ਵੱਲੋਂ ਸਖ਼ਤ ਨਿਰਦੇਸ਼ ਜਾਰੀ

ਬਿਊਰੋ ਰਿਪੋਰਟ (ਚੰਡੀਗੜ੍ਹ, 13 ਨਵੰਬਰ 2025): ਸਰਜੀਕਲ ਸਟ੍ਰਾਈਕ ਦੇ ਹੀਰੋ ਰਿਟਾਇਰਡ ਲੈਫਟੀਨੈਂਟ ਜਨਰਲ ਡੀ.ਐੱਸ. ਹੁੱਡਾ ਦੀ ਕਾਰ ਨੂੰ ਜ਼ੀਰਕਪੁਰ ਫਲਾਈਓਵਰ ’ਤੇ ਇੱਕ ਵੀ.ਆਈ.ਪੀ. ਕਾਫ਼ਲੇ ਵਿੱਚ ਸ਼ਾਮਲ ਪੰਜਾਬ ਪੁਲਿਸ ਦੀ ਗੱਡੀ ਨੇ ਟੱਕਰ ਮਾਰ ਦਿੱਤੀ। ਜਨਰਲ ਹੁੱਡਾ ਨੇ ਇਲਜ਼ਾਮ ਲਾਇਆ ਕਿ ਟੱਕਰ ਜਾਣਬੁੱਝ ਕੇ ਮਾਰੀ ਗਈ, ਜਿਸ ਨਾਲ ਉਨ੍ਹਾਂ ਦੀ ਕਾਰ ਦੇ ਅਗਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ। ਉਨ੍ਹਾਂ ਕਿਹਾ ਕਿ ਅਜਿਹੀ ਲਾਪਰਵਾਹੀ ਵਰਦੀ ’ਤੇ ਦਾਗ ਲਾਉਂਦੀ ਹੈ। ਇਸ ਘਟਨਾ ਤੋਂ ਬਾਅਦ ਪੰਜਾਬ ਦੇ DGP ਗੌਰਵ ਯਾਦਵ (Gaurav Yadav) ਹਰਕਤ ਵਿੱਚ ਆਏ ਤੇ ਉਨ੍ਹਾਂ ਇਸ ਸਬੰਧੀ ਸਖ਼ਤ ਹੁਕਮ ਜਾਰੀ ਕੀਤੇ ਹਨ।

DGP ਨੇ ਸੂਬੇ ਦੇ ਸਾਰੇ VIP ਐਸਕੌਰਟ, ਪਾਇਲਟ ਅਤੇ ਟ੍ਰੈਫਿਕ ਸਟਾਫ਼ ਲਈ 6-ਸੂਤਰੀ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਨਿਰਦੇਸ਼ਾਂ ’ਚ ‘ਜ਼ੀਰੋ ਟੋਲਰੈਂਸ’ (zero tolerance) ਦੀ ਚਿਤਾਵਨੀ ਦਿੰਦਿਆਂ, ਸੁਰੱਖਿਆ ਦੇ ਨਾਲ-ਨਾਲ ਆਮ ਜਨਤਾ ਦੇ ਸਨਮਾਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

DGP ਨੇ ਕਿਹਾ ਕਿ VIP ਸੁਰੱਖਿਆ ਇੱਕ ਉੱਚ-ਜ਼ਿੰਮੇਵਾਰੀ ਵਾਲੀ ਜ਼ਿੰਮੇਵਾਰੀ ਹੈ, ਜਿਸ ਲਈ ਅਨੁਸ਼ਾਸਨ, ਧੀਰਜ ਅਤੇ ਨਾਗਰਿਕਾਂ ਪ੍ਰਤੀ ਸਨਮਾਨ ਦੀ ਲੋੜ ਹੁੰਦੀ ਹੈ। ਉਨ੍ਹਾਂ ਸਾਫ਼ ਕਿਹਾ ਕਿ ਮਜ਼ਬੂਤ ਸੁਰੱਖਿਆ ਅਤੇ ਸਨਮਾਨਜਨਕ ਵਿਵਹਾਰ ਨਾਲ-ਨਾਲ ਚੱਲਣਾ ਚਾਹੀਦਾ ਹੈ।

DGP ਵੱਲੋਂ ਜਾਰੀ 6 ਮੁੱਖ ਨਿਰਦੇਸ਼:

1. ਗੈਰ-ਐਮਰਜੈਂਸੀ ਮੂਵਮੈਂਟ ਦੌਰਾਨ ਟ੍ਰੈਫਿਕ ਨਿਯਮਾਂ ਅਤੇ ਸੜਕ ਸੁਰੱਖਿਆ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।

2. VIP ਦੇ ਕਾਫਲੇ ਨੂੰ ਆਮ ਜਨਤਾ ਦੇ ਟ੍ਰੈਫਿਕ ਵਿੱਚ ਘੱਟੋ-ਘੱਟ ਖਲਲ ਪਾਉਂਦਿਆਂ ਕੱਢਿਆ ਜਾਣਾ ਚਾਹੀਦਾ ਹੈ।

3. ਪੂਰੀ ਯਾਤਰਾ ਦੌਰਾਨ ਪੇਸ਼ੇਵਰ ਤੇ ਨਿਮਰ ਆਚਰਣ ਬਣਾ ਕੇ ਰੱਖਿਆ ਜਾਵੇ।

4. ਹਰ ਹਾਲਤ ਵਿੱਚ ਬਹੁਤ ਧੀਰਜ ਅਤੇ ਸੰਜਮਵਰਤਿਆ ਜਾਵੇ।

5. ਏਸਕਾਰਟ ਇੰਚਾਰਜ ਨੂੰ ਕਿਸੇ ਵੀ ਘਟਨਾ ਦੀ ਸੂਚਨਾ ਤੁਰੰਤ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦੇਣੀ ਹੋਵੇਗੀ।

6. ਸਾਰੇ ਜ਼ਿਲ੍ਹਿਆਂ ਨੂੰ 48 ਘੰਟਿਆਂ ਦੇ ਅੰਦਰ ਆਪਣੇ ਐਸਕੌਰਟ, ਪਾਇਲਟ ਅਤੇ ਟ੍ਰੈਫਿਕ ਸਟਾਫ਼ ਨੂੰ ਸੜਕ ‘ਤੇ ਪੇਸ਼ੇਵਰ ਅਤੇ ਨਿਮਰ ਆਚਰਣ ‘ਤੇ ਲਾਜ਼ਮੀ ਬ੍ਰੀਫਿੰਗ ਦੇਣੀ ਹੋਵੇਗੀ।

DGP ਨੇ ਦੁਹਰਾਇਆ ਕਿ ਪੰਜਾਬ ਪੁਲਿਸ ਇੱਕ “ਸ਼ਾਨਦਾਰ ਅਤੇ ਪੇਸ਼ੇਵਰ” ਬਲ ਹੈ। ਉਨ੍ਹਾਂ ਕਿਹਾ, “ਸਾਡੀ ਤਾਕਤ ਸਾਰਿਆਂ ਦੀ ਰੱਖਿਆ ਕਰਨ ਅਤੇ ਨਾਗਰਿਕਾਂ ਦਾ ਵਿਸ਼ਵਾਸ ਜਿੱਤਣ ‘ਚ ਨਿਹਿਤ ਹੈ।”