ਬਿਊਰੋ ਰਿਪੋਰਟ : ਅਜਨਾਲਾ ਹਿੰਸਾ ਤੋਂ ਬਾਅਦ ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਹੁਣ ਕੇਂਦਰ ਤੋਂ ਬਾਅਦ ਸੂਬਾ ਸਰਕਾਰ ਵੀ ਘੇਰਾ ਪਾਉਣ ਦੀ ਤਿਆਰੀ ਵਿੱਚ ਹੈ । ਡੀਜੀਪੀ ਪੰਜਾਬ ਗੌਰਵ ਯਾਦਵ ਦੀ ਅੰਮ੍ਰਿਤਪਾਲ ਸਿੰਘ ਦੀ ਸੁਰੱਖਿਆ ਵਿੱਚ ਲੱਗੇ ਬੰਦੂਕਧਾਰੀ ਸਿੰਘਾਂ ‘ਤੇ ਨਜ਼ਰ ਹੈ। ਉਨ੍ਹਾਂ ਨੇ ਆਲਾ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਬੰਦੂਕਧਾਰੀ ਸਿੰਘਾਂ ਦੇ ਹਥਿਆਰਾਂ ਦੀ ਜਾਂਚ ਕਰਨ । ਵਾਰਿਸ ਪੰਜਾਬ ਦੇ ਮੁੱਖੀ ਦੀ ਸੁਰੱਖਿਆ ਵਿੱਚ ਤਾਇਨਾਤ ਸਿੰਘਾਂ ਕੋਲ ਕਾਫੀ ਵੱਡੀਆਂ ਬੰਦੂਕਾਂ ਹਨ । ਪੰਜਾਬ ਪੁਲਿਸ ਇੰਨਾਂ ਬੰਦੂਕਾਂ ਦੇ ਲਾਇਸੈਂਸ ਕੈਂਸਲ ਕਰ ਸਕਦੀ ਹੈ। ਉਧਰ ਡੀਜੀਪੀ ਦੇ ਇਸ ਬਿਆਨ ‘ਤੇ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਹੈ ।
ਹਥਿਆਰਾਂ ਦੇ ਲਾਇਸੈਂਸ ‘ਤੇ ਅੰਮ੍ਰਿਤਪਾਲ ਸਿੰਘ ਦਾ ਬਿਆਨ
ਭਾਈ ਅੰਮ੍ਰਿਤਪਾਲ ਸਿੰਘ ਨੇ ਡੀਜੀਪੀ ਨੂੰ ਕਿਹਾ ਉਨ੍ਹਾਂ ਦੇ ਸਿੰਘਾਂ ਦੇ ਕੋਲ ਜਿਹੜੇ ਹਥਿਆਰ ਹਨ ਉਹ ਲਾਇਸੈਂਸੀ ਹਨ। ਡੀਜੀਪੀ ਅਤੇ ਸਰਕਾਰ ਬੇਵਜ੍ਹਾ ਅਜਿਹੇ ਬਿਆਨ ਦੇ ਕੇ ਸਾਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਡੀਜੀਪੀ ਵੱਲੋਂ ਅਜਨਾਲਾ ਹਿੰਸਾਂ ਦੇ ਮੁਲਜ਼ਮਾਂ ਦੀ ਪਛਾਣ ਦੇ ਲਈ 50 ਤੋਂ ਵੱਧ ਸੀਸੀਟੀਵੀ ਨੂੰ ਖੰਗਾਲ ਦੇ ਬਿਆਨ ‘ਤੇ ਵੀ ਅੰਮ੍ਰਿਤਪਾਲ ਸਿੰਘ ਵੱਲੋਂ ਤਿੱਖਾ ਜਵਾਬ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਪੰਜਾਬ ਪੁਲਿਸ ਨੇ ਆਪ ਮੰਨਿਆ ਹੈ ਕਿ ਉਨ੍ਹਾਂ ਨੇ ਲਵਪ੍ਰੀਤ ਸਿੰਘ ਤੂਫਾਨ ਦੀ ਗ੍ਰਿਫਤਾਰੀ ਗਲਤ ਤਰੀਕੇ ਨਾਲ ਕੀਤੀ ਸੀ । ਉਨ੍ਹਾਂ ਨੂੰ ਛਡਾਉਣ ਦੇ ਲਈ ਹੀ ਸਿੰਘਾਂ ਨੇ ਪ੍ਰਦਰਸ਼ਨ ਕੀਤਾ ਸੀ ਉਸੇ ਦੌਰਾਨ ਜੇਕਰ ਪੁਲਿਸ ਮੁਲਾਜ਼ਮਾਂ ਨੂੰ ਥੋੜ੍ਹੀ ਬਹੁਤ ਸੱਟਾਂ ਲੱਗੀਆਂ ਹਨ ਤਾਂ ਉਸ ਦੀ ਪੁਲਿਸ ਆਪ ਜ਼ਿੰਮੇਵਾਰ ਹੈ । ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਪੁਲਿਸ ਸਿੰਘਾਂ ਦੇ ਖਿਲਾਫ਼ ਕਾਰਵਾਈ ਕਰੇਗੀ ਤਾਂ ਅੰਜਾਮ ਹੋਰ ਬੁਰਾ ਹੋਵੇਗਾ । ਉਨ੍ਹਾਂ ਵੱਲੋਂ ਮੁੜ ਤੋਂ ਪ੍ਰਦਰਸ਼ਨ ਦਾ ਰਾਹ ਚੁਣਨਾ ਪਏਗਾ। ਉਧਰ ਕੇਂਦਰ ਸਰਕਾਰ ਨੇ ਵੀ ਸੂਬਾ ਸਰਕਾਰ ਤੋਂ ਰਿਪੋਰਟ ਮੰਗੀ ਹੈ ਕਿ ਕਿਹੜੇ-ਕਿਹੜੇ ਜ਼ਿਲ੍ਹੇ ਤੋਂ ਲੋਕ ਅਜਨਾਲਾ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਸਨ । ਗੁਜਰਾਤ ਦੌਰੇ ‘ਤੇ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਮੁੜ ਤੋਂ ਅੰਮ੍ਰਿਤਪਾਲ ਸਿੰਘ ਨੂੰ ਨਿਸ਼ਾਨੇ ‘ਤੇ ਲਿਆ ।
‘ਪਾਕਿਸਤਾਨ ਤੋਂ ਫੰਡਿੰਗ’
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕੁਝ ਲੋਕਾਂ ਨੂੰ ਪਾਕਿਸਤਾਨ ਤੋਂ ਫੰਡਿੰਗ ਹੁੰਦਾ ਹੈ ਅਤੇ ਉਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਸਿਰਫ ਇੰਨਾਂ ਹੀ ਨਹੀਂ ਮਾਨ ਨੇ ਕਿਹਾ ਅਜਿਹੇ ਲੋਕ ਪੰਜਾਬ ਦੇ ਵਾਰਿਸ ਵੀ ਨਹੀਂ ਹਨ । ਕੁਝ ਹਜ਼ਾਰ ਲੋਕ ਕਰੋੜਾਂ ਪੰਜਾਬੀਆਂ ਦੀ ਆਵਾਜ਼ ਨਹੀਂ ਬਣ ਸਕਦੇ ਹਨ। ਉਨ੍ਹਾਂ ਨੇ ਪੰਜਾਬ ਪੁਲਿਸ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਗੁਰੂ ਸਾਹਿਬ ਨੂੰ ਢਾਲ ਬਣਾਕੇ ਪੁਲਿਸ ‘ਤੇ ਹਮਲਾ ਕੀਤਾ ਪਰ ਬਹਾਦਰ ਮੁਲਾਜ਼ਮ ਆਪ ਜ਼ਖ਼ਮੀ ਹੋ ਗਏ ਪਰ ਗੁਰੂ ਮਹਾਰਾਜ ਦੀ ਬੇਅਦਬੀ ਨਹੀਂ ਹੋਣ ਦਿੱਤੀ । ਉਧਰ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਹਮਲੇ ਦਾ ਜਵਾਬ ਦਿੱਤਾ ਉਨ੍ਹਾਂ ਕਿਹਾ ਕਿ ਮੈਂ ਗੁਰੂ ਸਾਹਿਬ ਨੂੰ ਢਾਲ ਨਹੀਂ ਬਣਾਇਆ ਬਲਕਿ ਉਨ੍ਹਾਂ ਦੀ ਅਗਵਾਈ ਲਈ ਸੀ । ਵਾਰਿਸ ਪੰਜਾਬ ਦੇ ਮੁੱਖੀ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਪਰੈਸ਼ਰ ਵਿੱਚ ਆਕੇ ਅਜਿਹੇ ਕੋਈ ਵੀ ਬਿਆਨ ਨਾ ਦੇਣ ਜਿਸ ਨਾਲ ਮਾਹੌਲ ਖਰਾਬ ਹੋ ਜਾਵੇ ।