ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬਾਹਰ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਸੁਰੱਖਿਆ ਮੁਲਾਜ਼ਮਾਂ ਅਤੇ ਚੰਡੀਗੜ੍ਹ ਪੁਲਿਸ ਦੇ ਵਿਚਾਲੇ ਹੋਈ ਹਥੋਪਾਈ ਦੇ ਮਾਮਲੇ ਵਿੱਚ ਜਾਂਚ ਸ਼ੁਰੂ ਹੋ ਗਈ ਹੈ । ਚੰਡੀਗੜ੍ਹ ਦੇ ਡੀਜੀਪੀ ਸੁਰੇਂਦਰ ਸਿੰਘ ਯਾਦਵ ਨੇ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਸ਼ਿਕਾਇਤ ‘ਤੇ ਇਸ ਦੀ ਜਾਂਚ SSP ਚੰਡੀਗੜ੍ਹ ਕੰਵਰਦੀਪ ਕੌਰ ਨੂੰ ਸੌਂਪੀ ਹੈ ।
ਰਵਨੀਤ ਬਿੱਟੂ ਨੇ ਈ-ਮੇਲ ਦੇ ਜ਼ਰੀਏ ਆਪਣੀ ਸ਼ਿਕਾਇਤ ਡੀਜੀਪੀ ਚੰਡੀਗੜ੍ਹ ਨੂੰ ਭੇਜੀ ਸੀ । ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਖਿਲਾਫ ਅਨੁਸ਼ਾਸਨਿਕ ਕਾਰਵਾਈ ਦੀ ਮੰਗ ਕੀਤੀ ਸੀ । ਇਸ ਤੋਂ ਪਹਿਲਾਂ ਸੈਕਟਰ 3 ਥਾਣਾ ਪੁਲਿਸ ਨੇ ਮੁੱਖ ਮੰਤਰੀ ਦੇ ਘਰ ਬਾਹਰ ਡਿਊਟੀ ਵਿੱਚ ਮੁਸ਼ਕਿਲ ਪੈਦਾ ਕਰਨ ‘ਤੇ ਡੀਸੀ ਦੇ ਹੁਕਮਾਂ ਦੀ ਉਲੰਘਣਾ ਕਰਨ ‘ਤੇ ਬਿੱਟੂ ਦੇ ਸੁਰੱਖਿਆ ਮੁਲਾਜ਼ਮਾਂ ਖਿਲਾਫ਼ DDR ਦਰਜ ਹੋਈ ਸੀ ।
ਬੁੱਧਵਾਰ ਨੂੰ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬਾਹਰ ਧੱਕੇ ਨਾਲ ਪਹੁੰਚੇ ਸਨ। ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਅੱਗੇ ਨਹੀਂ ਆਉਣ ਦਿੱਤਾ । ਜਦਕਿ ਬਿੱਟੂ ਦੇ ਨਾਲ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮਾਂ ਨੇ ਇਲਜ਼ਾਮ ਲਗਾਇਆ ਕਿ ਜਾਣ ਬੁਝ ਕੇ ਉਨ੍ਹਾਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਇਆ ਗਿਆ । ਜਦੋਂ ਬਿੱਟੂ ਵਾਪਸ ਜਾ ਰਹੇ ਸਨ ਤਾਂ ਉਨ੍ਹਾਂ ਦੀ ਸੁਰੱਖਿਆ ਵਿੱਚ ਤਾਇਨਾਤ ਇੱਕ ਜਿਪਸੀ ਦੇ ਸੁਰੱਖਿਆ ਮੁਲਾਜ਼ਮ ਨਾਲ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਦੀ ਪਹਿਲਾਂ ਬਹਿਸ ਹੋਈ ਫਿਰ ਹੱਥੋਪਾਈ ਵੀ ਹੋਈ ।