ਜੰਮੂ-ਕਸ਼ਮੀਰ ’ਚ ਹਾਲ ਹੀ ’ਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਹੁਣ ਮਾਹੌਲ ਸ਼ਾਂਤ ਹੈ ਪਰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਕਾਫੀ ਘੱਟ ਗਈ ਹੈ।
ਸ਼੍ਰਾਈਨ ਬੋਰਡ ਮੁਤਾਬਕ ਪਹਿਲਾਂ ਹਰ ਰੋਜ਼ 50 ਤੋਂ 55 ਹਜ਼ਾਰ ਸ਼ਰਧਾਲੂ ਮਾਤਾ ਦੇ ਦਰਬਾਰ ’ਚ ਨਤਮਸਤਕ ਹੁੰਦੇ ਸਨ। ਹੁਣ ਕੁਝ ਦਿਨਾਂ ਤੋਂ ਸ਼ਰਧਾਲੂਆਂ ਦੀ ਗਿਣਤੀ 25 ਤੋਂ 30 ਹਜ਼ਾਰ ਰਹਿ ਗਈ ਹੈ। ਹਰ ਰੋਜ਼ 25 ਹਜ਼ਾਰ ਦੇ ਕਰੀਬ ਸ਼ਰਧਾਲੂ ਹੀ ਮਾਤਾ ਦੇ ਦਰਬਾਰ ’ਚ ਪਹੁੰਚ ਰਹੇ ਹਨ।
ਦੂਜੇ ਪਾਸੇ ਅਮਰਨਾਥ ਯਾਤਰਾ 29 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸ਼ਰਧਾਲੂਆਂ ਦਾ ਪਹਿਲਾ ਜੱਥਾ ਅੱਜ ਕਸ਼ਮੀਰ ਪਹੁੰਚੇਗਾ। ਅਜਿਹੇ ’ਚ ਸਰਕਾਰ ਨੇ ਯਾਤਰਾ ਨੂੰ ਲੈ ਕੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਹਨ। ਪਠਾਨਕੋਟ ’ਚ ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ ’ਤੇ ਹਰ ਮੋੜ ’ਤੇ ਪੁਲਿਸ ਅਤੇ ਅਰਧ ਸੈਨਿਕ ਬਲ ਤਾਇਨਾਤ ਹਨ। ਇਸ ਵਾਰ ਪੂਰੇ ਰੂਟ ’ਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ, ਤਾਂ ਜੋ ਹਰ ਗਤੀਵਿਧੀ ’ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਸਕੇ।
ਵੈਸ਼ਨੋ ਦੇਵੀ ਨੂੰ ਜਾਣ ਵਾਲੇ ਰਸਤਿਆਂ ’ਤੇ ਸੁਰੱਖਿਆ ਵਧਾਈ
ਅੱਤਵਾਦੀ ਹਮਲਿਆਂ ਤੋਂ ਬਾਅਦ ਸਰਕਾਰ ਨੇ ਮਾਤਾ ਵੈਸ਼ਨੋ ਦੇਵੀ ਨੂੰ ਜਾਣ ਵਾਲੇ ਰਸਤਿਆਂ ’ਤੇ ਸੁਰੱਖਿਆ ਵਧਾ ਦਿੱਤੀ ਹੈ। ਇਸ ਦੇ ਬਾਵਜੂਦ ਲੋਕਾਂ ਵਿਚ ਡਰ ਬਣਿਆ ਹੋਇਆ ਹੈ। ਹਾਲਾਂਕਿ ਸਰਕਾਰ ਅਤੇ ਸ਼੍ਰਾਈਨ ਬੋਰਡ ਵੱਲੋਂ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਮਾਤਾ ਦੇ ਦਰਬਾਰ ’ਚ ਆਉਣ ਵਾਲੇ ਸ਼ਰਧਾਲੂ ਬਿਨਾਂ ਕਿਸੇ ਭੈਅ ਦੇ ਆਉਣ |
ਕਟੜਾ ਵਿੱਚ ਸ਼ਰਧਾਲੂਆਂ ਦੀ ਗਿਣਤੀ ਹੋਈ ਅੱਧੀ
ਵੈਸ਼ਨੋ ਦੇਵੀ ਜਾਣ ਤੋਂ ਪਹਿਲਾਂ ਸ਼ਰਧਾਲੂ ਕਟੜਾ ਪਹੁੰਚਦੇ ਹਨ, ਜਿੱਥੋਂ ਮਾਤਾ ਦੇ ਦਰਬਾਰ ਦੀ 14 ਕਿਲੋਮੀਟਰ ਲੰਬੀ ਚੜ੍ਹਾਈ ਸ਼ੁਰੂ ਹੁੰਦੀ ਹੈ। ਜੂਨ ਦੇ ਪਹਿਲੇ ਹਫ਼ਤੇ ਤੱਕ ਕਟੜਾ ਅਤੇ ਦਰਬਾਰ ਵਿੱਚ ਸ਼ਰਧਾਲੂਆਂ ਦੀ ਗਿਣਤੀ ਇੰਨੀ ਵੱਧ ਗਈ ਸੀ ਕਿ ਸ਼ਰਾਈਨ ਬੋਰਡ ਨੂੰ 2 ਦਿਨਾਂ ਲਈ ਯਾਤਰਾ ਸਲਿੱਪ ਕਾਊਂਟਰ ਬੰਦ ਕਰਨੇ ਪਏ ਸਨ। ਹੁਣ ਸਥਿਤੀ ਇਹ ਹੈ ਕਿ ਮਾਤਾ ਦੇ ਦਰਬਾਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਬਿਲਕੁਲ ਅੱਧੀ ਰਹਿ ਗਈ ਹੈ।
ਮੇਨ ਬਾਜ਼ਾਰ ਵਿੱਚ ਵੀ ਰੌਣਕ ਘੱਟ, ਦੁਕਾਨਦਾਰ ਨਿਰਾਸ਼
ਕਟੜਾ ਮੇਨ ਬਾਜ਼ਾਰ ਦੀ ਗੱਲ ਕਰੀਏ ਤਾਂ ਸ਼ਰਧਾਲੂਆਂ ਦੀ ਗਿਣਤੀ ਘਟਣ ਦੇ ਨਾਲ-ਨਾਲ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਵੀ ਨਿਰਾਸ਼ਾ ਨਜ਼ਰ ਆ ਰਹੀ ਹੈ। ਦੁਕਾਨਦਾਰ ਵਿਜੇ ਕੁਮਾਰ ਅਤੇ ਮਨੋਜ ਨੇ ਦੱਸਿਆ ਕਿ ਅੱਤਵਾਦੀ ਹਮਲੇ ਤੋਂ ਬਾਅਦ ਦਰਬਾਰ ’ਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਕਾਫੀ ਘੱਟ ਗਈ ਹੈ। ਖਰੀਦਦਾਰੀ ਲਈ ਆਉਣ ਵਾਲੇ ਲੋਕ ਵੀ ਨਹੀਂ ਆ ਰਹੇ ਹਨ। ਜੂਨ ਮਹੀਨੇ ’ਚ ਛੁੱਟੀਆਂ ਹੋਣ ਕਾਰਨ ਹਰ ਸਾਲ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਆਉਂਦੇ ਸਨ ਪਰ ਇਸ ਵਾਰ ਜੂਨ ਦੇ ਸ਼ੁਰੂ ’ਚ ਅੱਤਵਾਦੀ ਹਮਲਿਆਂ ਕਾਰਨ ਲੋਕ ਡਰੇ ਹੋਏ ਹਨ।