Punjab Religion

ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸ਼ਰਧਾਲੂ ਦੀ ਕੁੱਟਮਾਰ! ਲੜਾਈ ਕਰਨੋਂ ਰੋਕਣ ’ਤੇ 7-8 ਨੌਜਵਾਨਾਂ ਨੇ ਕੀਤਾ ਹਮਲਾ

ਬਿਉਰੋ ਰਿਪੋਰਟ: ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਹੈਰੀਟੇਜ ਸਟਰੀਟ ’ਤੇ ਸ਼ਰਧਾਲੂਆਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਸ਼ਰਧਾਲੂਆਂ ਨੇ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਮੌਜੂਦ ਨੌਜਵਾਨਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਨਵਾਂ ਸ਼ਹਿਰ ਦੇ ਗੁਰਿੰਦਰ ਅਹਾਲੇ ਨੇ ਦੱਸਿਆ ਕਿ ਉਹ ਅੱਜ ਆਪਣੇ ਪਰਿਵਾਰ ਸਮੇਤ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਸਨ। ਉਸਦੇ ਪਰਿਵਾਰ ਦੀਆਂ ਔਰਤਾਂ ਪਿੱਛੇ ਰਹਿ ਗਈਆਂ ਸਨ, ਇਸ ਲਈ ਉਸਨੇ ਅੱਗੇ ਵਧਣਾ ਬੰਦ ਕਰ ਦਿੱਤਾ। ਜਿਸ ਤੋਂ ਬਾਅਦ ਉਸੇ ਸਮੇਂ ਦੋ ਲੜਕੇ ਆਪਸ ਵਿੱਚ ਲੜਦੇ ਹੋਏ ਉਸਦੇ ਸਾਹਮਣੇ ਆ ਗਏ।

ਉਸ ਨੇ ਉਨ੍ਹਾਂ ਲੜਕਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਝਗੜਾ ਕਰ ਰਹੇ ਲੜਕਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਪਹਿਲਾਂ ਦੋਵੇਂ ਲੜ ਰਹੇ ਸਨ। ਇਸ ਤੋਂ ਬਾਅਦ ਕੁਝ ਹੋਰ ਲੜਕੇ ਆਏ ਅਤੇ ਕਰੀਬ ਸੱਤ-ਅੱਠ ਲੜਕਿਆਂ ਨੇ ਉਸ ’ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਗੁਰਿੰਦਰ ਅਨੁਸਾਰ ਮੁੰਡਿਆਂ ਨੇ ਕੈਮਰੇ ਲਟਕਾਏ ਹੋਏ ਸਨ ਅਤੇ ਸ਼ਾਇਦ ਉਥੇ ਫੋਟੋਗ੍ਰਾਫ਼ੀ ਕਰਦੇ ਹਨ।

ਪੀੜਤ ਦੇ ਪਰਿਵਾਰ ਨੇ ਪੁਲਿਸ ’ਤੇ ਵੀ ਲਾਏ ਦੁਰਵਿਵਹਾਰ ਦੇ ਇਲਜ਼ਾਮ

ਗੁਰਿੰਦਰ ਆਹਲੇ ਨੇ ਥਾਣਾ ਸੀ ਡਵੀਜ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਦੌਰਾਨ ਪੀੜਤ ਗੁਰਿੰਦਰ ਦੀ ਭੈਣ ਨਵਨੀਤ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਦੀ ਬਿਨਾਂ ਕਾਰਨ ਕੁੱਟਮਾਰ ਕੀਤੀ ਗਈ। ਉਸ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਉਸ ਨਾਲ ਵੀ ਮਾੜਾ ਵਿਵਹਾਰ ਕੀਤਾ ਅਤੇ ਉਸ ਨਾਲ ਬਹੁਤ ਹੀ ਬਦਤਮੀਜ਼ੀ ਨਾਲ ਗੱਲ ਕੀਤੀ।

ਥਾਣਾ ਸੀ ਡਵੀਜ਼ਨ ਦੇ ਪੁਲਿਸ ਅਧਿਕਾਰੀ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪਰਿਵਾਰ ਨੂੰ ਮੈਡੀਕਲ ਲਈ ਭੇਜ ਦਿੱਤਾ ਗਿਆ ਹੈ। ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।