India Lok Sabha Election 2024

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਨੇ ਭਾਜਪਾ ਦੇ ਮਾੜੇ ਪ੍ਰਦਰਸ਼ਨ ਦੀ ਲਈ ਜਿੰਮੇਵਾਰੀ, ਅਸਤੀਫੇ ਦੀ ਕੀਤੀ ਪੇਸ਼ਕਸ਼

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ (Devendra fadnavis) ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿੱਚ ਪਾਰਟੀ ਨੂੰ ਜੋ ਹਾਰ ਹੋਈ ਹੈ, ਉਸ ਦੀ ਜ਼ਿੰਮੇਵਾਰੀ ਉਹ ਲੈ ਰਹੇ ਹਨ। ਉਸ ਨੇ ਕਿਹਾ ਕਿ ਉਸ ਨੂੰ ਲੱਗਾ ਕਿ ਉਸ ਵਿਚ ਕੁਝ ਕਮੀ ਹੈ। ਫੜਨਵੀਸ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਉਸ ਨੂੰ ਅਹੁਦੇ ਤੋਂ ਮੁਕਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ‘ਤੇ ਪੂਰਾ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਉਹ ਮਹਾਰਾਸ਼ਟਰ ਵਿੱਚ ਭਾਜਪਾ ਦੇ ਖਰਾਬ ਪ੍ਰਦਰਸ਼ਨ ਦੀ ਜਿੰਮੇਵਾਰੀ ਲੈਂਦੇ ਹਨ। ਫੜਨਵੀਸ ਨੇ ਕਿਹਾ ਕਿ ਸੂਬੇ ਵਿੱਚ ਪਾਰਟੀ ਦੀ ਅਗਵਾਈ ਕਰ ਰਹੇ ਸਨ। ਉਹ ਭਾਜਪਾ ਹਾਈਕਮਾਂਡ ਨੂੰ ਅਪੀਲ ਕਰਦੇ ਹਨ ਕਿ ਮੈਨੂੰ ਸਰਕਾਰ ਵਿੱਚ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਵੇ ਤਾਂ ਜੋ ਮੈਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕਰ ਸਕਾਂ।

ਦੇਵੇਂਦਰ ਫੜਨਵੀਸ ਨੇ ਕਿਹਾ ਕਿ ਅਸੀਂ ਸੂਬੇ ਵਿੱਚ ਤਿੰਨ ਪਾਰਟੀਆਂ ਨਾਲ ਲੜੇ ਹਾਂ। ਅਸੀਂ ਆਪਣੀ ਗਲਤੀ ਸੁਧਾਰ ਕੇ ਲੋਕਾਂ ਕੋਲ ਵਾਪਸ ਜਾਵਾਂਗੇ। ਫੜਨਵੀਸ ਨੇ ਕਿਹਾ ਕਿ ਉਹ ਹਾਰਨ ਵਾਲਾ ਆਦਮੀ ਨਹੀਂ ਹੈ। ਅਸੀਂ ਪੂਰੀ ਪਾਰਟੀ ਨਾਲ ਮਿਲ ਕੇ ਨਵੀਂ ਰਣਨੀਤੀ ਤਿਆਰ ਕਰਾਂਗੇ। ਮਹਾਰਾਸ਼ਟਰ ਵਿੱਚ ਇਸ ਸਾਲ ਦੇ ਅੰਤ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਮਹਾਰਾਸ਼ਟਰ ਵਿੱਚ ਕੀ ਰਹੇ ਨਤੀਜੇ?

ਮਹਾਰਾਸ਼ਟਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਮੁਤਾਬਕ ਕਾਂਗਰਸ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਮਹਾਰਾਸ਼ਟਰ ਵਿੱਚ ਕਾਂਗਰਸ ਨੇ 48 ਵਿੱਚੋਂ 13 ਸੀਟਾਂ ਜਿੱਤੀਆਂ ਹਨ। ਭਾਜਪਾ ਦੂਜੀ ਪਾਰਟੀ ਬਣ ਗਈ ਅਤੇ ਉਸ ਨੂੰ ਨੌਂ ਸੀਟਾਂ ਨਾਲ ਸਬਰ ਕਰਨਾ ਪਿਆ। ਊਧਵ ਠਾਕਰੇ ਦੀ ਪਾਰਟੀ ਨੇ ਵੀ ਨੌਂ ਸੀਟਾਂ ਜਿੱਤੀਆਂ ਹਨ। ਸ਼ਰਦ ਪਵਾਰ ਨੂੰ ਅੱਠ ਸੀਟਾਂ ਮਿਲੀਆਂ। ਜਦੋਂਕਿ ਸੀਐਮ ਏਕਨਾਥ ਸ਼ਿੰਦੇ ਦੀ ਪਾਰਟੀ ਨੂੰ ਸੱਤ ਸੀਟਾਂ ਮਿਲੀਆਂ ਹਨ। ਅਜੀਤ ਪਵਾਰ ਨੂੰ ਇਕ ਸੀਟ ਨਾਲ ਸੰਤੁਸ਼ਟ ਹੋਣਾ ਪਿਆ। ਇੱਕ ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ।

ਇਹ ਵੀ ਪੜ੍ਹੋ –  NDA ਦੀ ਮੀਟਿੰਗ ਹੋਈ ਸ਼ੁਰੂ, ਸਾਰੇ ਸਹਿਯੋਗੀ ਦਲ ਮੌਜੂਦ