India

ਵਿਕਾਸ ਕਿਸੇ ਪਾਰਟੀ ਦਾ ਤੋਹਫ਼ਾ ਨਹੀਂ, ਗਰੀਬਾਂ ਤੇ ਕਿਸਾਨਾਂ ਦੀ ਮਿਹਨਤ ਹੈ – ਰਾਹੁਲ ਗਾਂਧੀ

‘ਦ ਖ਼ਾਲਸ ਬਿਊਰੋ : ਕਾਂਗਰਸੀ ਲੀਡਰ ਰਾਹੁਲ ਗਾਂਧੀ ਨੇ ਅੱਜ ਛੱਤੀਸਗੜ੍ਹ ਦੇ ਰਾਏਪੁਰ ਵਿੱਚ ਇੱਕ ਰੈਲੀ ਦੌਰਾਨ ਮੁੜ ਮੋਦੀ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਚੀਨ ਦੀ ਫ਼ੌਜ ਲੱਦਾਖ ਵਿੱਚ ਇਸ ਲਈ ਦਾਖ਼ਲ ਹੋ ਸਕੀ ਹੈ ਕਿਉਂਕਿ ਭਾਜਪਾ ਅਤੇ ਮੋਦੀ ਨੇ ਉਨ੍ਹਾਂ ਦੀ ਘੁਸਪੈਠ ਤੋਂ ਬਾਅਦ ਦੇਸ਼ ਨੂੰ ਕਿਹਾ ਕਿ ਕੋਈ ਅੰਦਰ ਨਹੀਂ ਆਇਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਬੀਜੇਪੀ ਦੇਸ਼ ਨੂੰ ਦੋ ਹਿੱਸਿਆਂ ਵਿੱਚ ਵੰਡ ਰਹੀ ਹੈ। ਇੱਕ ਅਮੀਰਾਂ ਦਾ ਅਤੇ ਦੂਸਰਾ ਗਰੀਬਾਂ ਦਾ। ਵਿਕਾਸ ਕਿਸੇ ਪਾਰਟੀ ਦਾ ਤੋਹਫ਼ਾ ਨਹੀਂ ਹੈ ਬਲਕਿ ਗਰੀਬਾਂ ਅਤੇ ਕਿਸਾਨਾਂ ਦੀ ਮਿਹਨਤ ਹੈ।

ਉਨ੍ਹਾਂ ਕਿਹਾ ਕਿ ਭਾਰਤ ਵਿੱਚ ਇਹ ਇੱਕ ਧਰਮ ਨੂੰ ਦੂਸਰੇ ਧਰਮ ਨਾਲ ਲੜਾਉਂਦੇ ਹਨ। ਭਾਰਤ ਤੋਂ ਬਾਹਰਲੀਆਂ ਸ਼ਕਤੀਆਂ ਸਾਡੇ ਵੱਲ ਦੇਖ ਕੇ ਕਹਿੰਦੀਆਂ ਹਨ ਕਿ ਭਾਰਤ ਕਮਜ਼ੋਰ ਹੋ ਰਿਹਾ ਹੈ। ਸੰਸਦ ਵਿੱਚ ਕਹੀਆਂ ਹੋਈਆਂ ਗੱਲਾਂ ਨੂੰ ਦੁਹਰਾਉਂਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਇਹ ਚਾਹੁੰਦੇ ਹਨ ਕਿ ਜਿਨ੍ਹਾਂ ਕਰੋੜਾਂ ਲੋਕਾਂ ਨੇ ਦੇਸ਼ ਨੂੰ ਬਣਾਇਆ ਹੈ, ਉਨ੍ਹਾਂ ਨੂੰ ਇੱਕ ਪਾਸੇ ਕਰ ਦਿੱਤਾ ਜਾਵੇ ਅਤੇ 100-200 ਲੋਕਾਂ ਨੂੰ ਦੇਸ਼ ਦਾ ਪੂਰਾ ਧਨ ਫੜਾ ਦਿੱਤਾ ਜਾਵੇ। ਭਾਰਤ ਵਿੱਚ 100 ਸਭ ਤੋਂ ਅਮੀਰ ਲੋਕਾਂ ਦੇ ਕੋਲ ਦੇਸ਼ ਦੀ 40 ਫ਼ੀਸਦ ਆਬਾਦੀ ਤੋਂ ਜ਼ਿਆਦਾ ਧਨ ਹੈ।